ਸੰਗਰੂਰ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲੋਕ ਸਭਾ ਹਲਕਾ ਸੰਗਰੂਰ ਤੋਂ 'ਆਪ 'ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਸੰਗਰੂਰ ਪੁੱਜੇ ਹੋਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਗਰੂਰ 'ਚ ਭਗਵੰਤ ਮਾਨ ਆਰਾਮ ਨਾਲ ਜਿੱਤ ਜਾਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪੰਜਾਬ 'ਚ ਕਦੇ ਗਠਜੋੜ ਚਾਹੁੰਦੇ ਹੀ ਨਹੀਂ ਸੀ, ਸਿਰਫ ਹਰਿਆਣਾ, ਦਿੱਲੀ, ਗੋਆ ਤੇ ਚੰਡੀਗੜ੍ਹ 'ਚ ਗਠਜੋੜ ਦੀ ਗੱਲ ਤੋਰੀ ਸੀ। ਉਨ੍ਹਾਂ ਪੰਜਾਬ 'ਚ ਚੰਗੀਆਂ ਸੀਟਾਂ ਦੀ ਉਮੀਦ ਜਤਾਈ।


ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਮਜੀਠੀਆ ਦੇ ਮੁੱਦੇ 'ਤੇ ਜਨਤਾ ਕੋਈ ਸਵਾਲ ਨਹੀਂ ਕਰ ਰਹੀ ਜਦਕਿ ਉਨ੍ਹਾਂ ਉੱਤੇ ਸਾਰੀਆਂ ਪਾਰਟੀਆਂ ਨੇ ਮਿਲ ਕੇ 33 ਕੇਸ ਕਰ ਦਿੱਤੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ ਸਿਰਫ AAP ਦੇ ਵਿਧਾਇਕ ਹੀ ਕਿਉਂ ਤੋੜਦੇ ਹਨ। ਉਨ੍ਹਾਂ ਕਿਹਾ ਕਿ ਲੋਕ ਕੈਪਟਨ ਸਰਕਾਰ ਤੋਂ ਨਿਰਾਸ਼ ਹਨ ਤੇ ਅਕਾਲੀ ਦਲ ਤੋਂ ਨਫ਼ਰਤ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਬੱਸ BJP ਨੂੰ ਹਰਾਉਣਾ ਚਾਹੁੰਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਆਮ ਲੋਕਾਂ ਨੂੰ ਸਿਆਸਤ ਵਿੱਚ ਲਿਆਂਦਾ। ਉਹ ਆਮ ਆਦਮੀ ਦਾ ਦਰਦ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਨੇਤਾ ਨਹੀਂ ਬਲਕਿ ਆਮ ਲੋਕ ਹਨ। ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਇਸ ਦੇ ਨਾਲ ਹੀ ਖ਼ਾਲਿਸਤਾਨ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਕੀ ਉਹ ਸ਼ਕਲ ਤੋਂ ਖਾਲਿਸਤਾਨੀਆਂ ਨਾਲ ਮਿਲੇ ਹੋਏ ਲੱਗਦੇ ਹਨ?

ਹਾਲਾਂਕਿ 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਕਿੰਨੀਆਂ ਸੀਟਾਂ ਜਿੱਤੇਗੀ, ਇਹ ਕਹਿਣਾ ਥੋੜ੍ਹਾ ਮੁਸ਼ਕਲ ਹੈ ਪਰ ਇੰਨਾ ਕਿਹਾ ਕਿ ਪੰਜਾਬ ਵਿੱਚ ਆਪ ਦਾ 2014 ਦੀਆਂ ਲੋਕ ਸਭਾ ਚੋਣਾਂ ਨਾਲੋਂ ਵੀ ਵੱਧ ਸੀਟਾਂ ਜਿੱਤਣ ਦਾ ਪਲਾਨ ਹੈ। ਪੰਜਾਬ ਵਿੱਚ ਪਹੁੰਚੇ ਕੇਜਰੀਵਾਲ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ 'ਤੇ ਵਾਰ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡ ਰਹੇ।