ਨਵੀਂ ਦਿੱਲੀ: ਬੰਬੇ ਹਾਈ ਕੋਰਟ ਨੇ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਮਾਡਲ ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਨੂੰ ਵੱਡੀ ਰਾਹਤ ਦਿੱਤੀ ਹੈ। ਤਿੰਨਾਂ ਨੂੰ ਅੱਜ ਡਰਗੱਜ਼ ਦੇ ਮਾਮਲੇ ਵਿੱਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।ਪਰ ਅੱਜ ਉਹ ਘਰ ਨਹੀਂ ਜਾਣਗੇ।ਅੱਜ ਰਾਤ ਉਨ੍ਹਾਂ ਨੂੰ ਜੇਲ 'ਚ ਹੀ ਰਹਿਣਾ ਪਏਗਾ। ਆਰੀਅਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ 'ਚ ਬੰਦ ਹੈ। ਸੁਣਵਾਈ ਦੌਰਾਨ ਐਨਸੀਬੀ ਦੇ ਵਕੀਲ ਐਡੀਸ਼ਨਲ ਸਾਲਿਸਟਰ ਜਨਰਲ ਅਨਿਲ ਸਿੰਘ ਨੇ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ। ਐਨਸੀਬੀ ਨੇ ਕਿਹਾ ਕਿ ਆਰੀਅਨ ਲਗਭਗ ਦੋ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਿਹਾ ਹੈ ਅਤੇ ਸਾਜ਼ਿਸ਼ ਦਾ ਹਿੱਸਾ ਹੈ। ਉਹ ਕਰੂਜ਼ 'ਤੇ ਨਸ਼ਿਆਂ ਤੋਂ ਜਾਣੂ ਸੀ। ਆਰੀਅਨ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।



ਇਸ 'ਤੇ ਅਦਾਲਤ ਨੇ ਪੁੱਛਿਆ ਕਿ ਆਰੀਅਨ 'ਤੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਦੋਸ਼ ਦਾ ਕੀ ਆਧਾਰ ਹੈ? ਇਸ ਸਵਾਲ 'ਤੇ NCB ਨੇ ਕਿਹਾ ਕਿ ਇਹ ਮਾਮਲਾ ਆਰੀਅਨ ਦੀ ਵਟਸਐਪ ਚੈਟ ਤੋਂ ਸਾਹਮਣੇ ਆਇਆ ਹੈ। ਐਨਸੀਬੀ ਦੇ ਦਾਅਵੇ ’ਤੇ ਆਰੀਅਨ ਖ਼ਾਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਐਨਸੀਬੀ ਨੂੰ ਸਾਜ਼ਿਸ਼ ਦਾ ਸਬੂਤ ਦੇਣਾ ਚਾਹੀਦਾ ਹੈ। ਆਰੀਅਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਦੋਸਤ ਕੋਲ ਨਸ਼ੇ ਹਨ। ਆਰੀਅਨ ਖਾਨ ਨੇ ਕੋਈ ਸਾਜ਼ਿਸ਼ ਨਹੀਂ ਕੀਤੀ।



ਦੱਸ ਦੇਈਏ ਕਿ ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ NCB ਟੀਮ ਨੇ 2 ਅਕਤੂਬਰ ਨੂੰ ਕਰੂਜ਼ ਤੋਂ ਹਿਰਾਸਤ ਵਿੱਚ ਲਿਆ ਸੀ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀ ਟੀਮ ਨੇ ਕਰੂਜ਼ ’ਤੇ ਛਾਪਾ ਮਾਰ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸ ਦੋਸ਼ 'ਚ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਬਾਅਦ 'ਚ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਨਸੀਬੀ ਨੇ ਇਸ ਮਾਮਲੇ ਵਿੱਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੂੰ ਜ਼ਮਾਨਤ ਮਿਲ ਚੁੱਕੀ ਹੈ।



ਮਹੱਤਵਪੂਰਨ ਗੱਲ ਇਹ ਹੈ ਕਿ, ਆਰੀਅਨ ਖਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੇ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਲਈ ਵਿਸ਼ੇਸ਼ ਅਦਾਲਤ ਵੱਲੋਂ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰਨ ਤੋਂ ਬਾਅਦ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ।