ਨਵੀਂ ਦਿੱਲੀ: ਅਰੁਣਾਂਚਲ ਪ੍ਰਦੇਸ਼ 'ਚ ਚੀਨ ਦੇ ਸੌ ਘਰਾਂ ਦਾ ਪਿੰਡ ਵਸਾਉਣ ਦੀਆਂ ਖਬਰਾਂ ਤੋਂ ਬਾਅਦ ਵਿਰੋਧੀ ਧਿਰਾਂ ਮੋਦੀ ਸਰਕਾਰ 'ਤੇ ਹਮਲਾਵਰ ਹਨ। ਏਆਈਐਮਆਈਐਮ ਮੁਖੀ ਅਸਦਉਦੀਨ ਓਵੈਸੀ ਨੇ ਮੋਦੀ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦੱਸਿਆ ਹੈ। ਓਵੈਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੀਨ ਦਾ ਨਾਂ ਲੈਣ ਤੋਂ ਡਰਦੇ ਹਨ।
ਕੀ ਬੋਲੇ ਅਸਦਉਦੀਨ ਓਵੈਸੀ
ਓਵੈਸੀ ਨੇ ਕਿਹਾ, 'ਸੈਟੇਲਾਈਟ ਇਮੇਜ ਤੋਂ ਪਤਾ ਲੱਗਦਾ ਹੈ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ 'ਚ ਪਰਮਾਨੈਂਟ ਕੰਸਟ੍ਰਕਸ਼ਨ ਕਰ ਲਈ ਹੈ। ਪ੍ਰਧਾਨ ਮੰਤਰੀ ਕਮਜ਼ੋਰੀ ਦਿਖਾ ਰਹੇ ਹਨ। ਪੀਐਮ ਚੀਨ ਦਾ ਨਾਂਅ ਕਿਉਂ ਨਹੀਂ ਲੈਂਦੇ? ਪੀਐਮ ਕਮਜ਼ੋਰ ਪ੍ਰਧਾਨ ਮੰਤਰੀ ਹਨ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਐਮਪੀ ਨੇ ਕਿਹਾ ਕਿ ਚੀਨ ਨੇ ਅਰੁਣਾਚਲ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ।
ਕਾਂਗਰਸ ਨੇ ਵੀ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ 'ਤੇ ਲਿਆ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ 'ਚ ਚੀਨ ਵੱਲੋਂ ਪਿੰਡ ਵਸਾਉਣ ਦੇ ਦਾਅਵਿਆਂ ਵਾਲੀਆਂ ਖਬਰਾਂ ਨੂੰ ਲੈ ਕੇ ਮੰਗਲਵਾਰ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਕ ਖਬਰ ਸਾਂਝੀ ਕਰਦਿਆਂ ਟਵੀਟ ਕੀਤਾ, 'ਉਨ੍ਹਾਂ ਦਾ ਵਾਅਦਾ ਯਾਦ ਕਰੋ-ਮੈਂ ਦੇਸ਼ ਝੁਕਣ ਨਹੀਂ ਦੇਵਾਂਗਾ।' ਪਾਰਟੀ ਦੇ ਪ੍ਰਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ, 'ਮੋਦੀ ਜੀ ਉਹ 56 ਇੰਚ ਦਾ ਸੀਨਾ ਕਿੱਥੇ ਹੈ?' ਕਾਂਗਰਸ ਦੇ ਸੀਨੀਅਰ ਲੀਡਰ ਪੀ ਚਿਦੰਬਰਮ ਨੇ ਵੀ ਸੋਮਵਾਰ ਇਸ ਮਾਮਲੇ 'ਤੇ ਸਰਕਾਰ ਤੋਂ ਜਵਾਬ ਮੰਗਿਆ ਸੀ।
ਕਿਸ ਖ਼ਬਰ ਨੂੰ ਲੈ ਕੇ ਹੋ ਰਿਹਾ ਬਵਾਲ?
ਇੱਕ ਸਾਲ ਦੇ ਅੰਦਰ ਅਰੁਣਾਚਲ ਪ੍ਰਦੇਸ਼ 'ਚ ਐਲਏਸੀ ਦੇ ਸਾਢੇ ਚਾਰ ਕਿਲੋਮੀਟਰ ਦੇ ਨੇੜੇ ਸੌ ਘਰਾਂ ਦਾ ਇਕ ਪਿੰਡ ਵਸਾ ਲਿਆ ਹੈ।। ਇੱਕ ਅੰਗ੍ਰੇਜ਼ੀ ਚੈਨਲ ਨੇ ਇਸ ਨੂੰ ਲੈ ਕੇ ਸੈਟੇਲਾਈਟ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਅਗਸਤ, 2019 ਦੀ ਹੈ। ਦੂਜੀ ਤਸਵੀਰ ਨਵੰਬਰ 2020 ਦੀ ਹੈ। ਪਹਿਲੀ ਤਸਵੀਰ 'ਚ ਸਾਫ ਨਜ਼ਰ ਆ ਰਿਹਾ ਕਿ ਥਾਂ ਪੂਰੀ ਤਰ੍ਹਾਂ ਖਾਲੀ ਹੈ ਜਦਕਿ ਨਵੰਬਰ 2020 ਦੀ ਤਸਵੀਰ 'ਚ ਉਸ ਥਾਂ 'ਤੇ ਕੁਝ ਢਾਂਚੇ ਬਣੇ ਨਜ਼ਰ ਆ ਰਹੇ ਹਨ ਜਿਨ੍ਹਾਂ ਨੂੰ ਚੀਨ ਵੱਲੋਂ ਵਸਾਇਆ ਪਿੰਡ ਦੱਸਿਆ ਜਾ ਰਿਹਾ ਹੈ।
ਭਾਰਤ ਸਰਕਾਰ ਦੀ ਇਸ ਖਬਰ 'ਤੇ ਪ੍ਰਤੀਕਿਰਿਆ
ਇਨ੍ਹਾਂ ਖਬਰਾਂ 'ਤੇ ਸਾਵਧਾਨੀ ਪੂਵਕ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਸੋਮਵਾਰ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਤੇ ਅਸਰ ਪਾਉਣ ਵਾਲੇ ਘਟਨਾਕ੍ਰਮ 'ਤੇ ਲਗਾਤਾਰ ਨਜ਼ਰ ਰੱਖਦਾ ਹੈ ਤੇ ਆਪਣੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਦਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਆਪਣੇ ਨਾਗਰਿਕਾਂ ਦੇ ਜੀਵਨ ਨਿਰਬਾਹ ਨੂੰ ਉੱਨਤ ਬਣਾਉਣ ਲਈ ਸੜਕਾਂ ਤੇ ਪੁਲਾਂ ਸਮੇਤ ਸਰਹੱਦ 'ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਤੇਜ਼ ਕਰ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ