ਨਵੀਂ ਦਿੱਲੀ: ਕਿਸਾਨ ਲੀਡਰਾਂ ਦੀ ਅੱਜ ਕੇਂਦਰੀ ਮੰਤਰੀਆਂ ਨਾਲ 10ਵੇਂ ਗੇੜ ਦੀ ਮੀਟਿੰਗ ਹੋਏਗੀ। ਇਸ ਮੀਟਿੰਗ ਤੋਂ ਪਹਿਲਾਂ ਹੀ ਕਿਸਾਨ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਮੀਟਿੰਗਾਂ ਨਾਲ ਖਾਨਾਪੂਰਤੀ ਕਰ ਰਹੀ ਹੈ। ਇਸ ਲਈ ਅੱਜ ਦੀ ਬੈਠਕ ਤੋਂ ਵੀ ਕੋਈ ਉਮੀਦ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਹਰ ਮੀਟਿੰਗ ਵਿੱਚ ਇਸ ਲਈ ਜਾ ਰਹੇ ਹਨ ਕਿਉਂਕਿ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਾ ਮਿਲੇ ਕਿ ਕਿਸਾਨ ਜਥੇਬੰਦੀਆਂ ਗੱਲਬਾਤ ਨਹੀਂ ਕਰ ਰਹੀਆਂ।

ਕਿਸਾਨ ਲੀਡਰਾਂ ਨੇ ਕਿਹਾ ਕਿ ਖੇਤੀ ਮੰਤਰੀ ਨਰਿੰਦਰ ਤੋਮਰ ਦੀ ਬਿਆਨਬਾਜ਼ੀ ਤੋਂ ਸਪਸ਼ਟ ਹੈ ਕਿ ਇਸ ਮੀਟਿੰਗ ਤੋਂ ਵੀ ਕੋਈ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ। ਖੇਤੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਆਪਣੀ ਅੜੀ ਛੱਡ ਕੇ ਕਾਨੂੰਨਾਂ ਦੀਆਂ ਮੱਦਾਂ ’ਤੇ ਚਰਚਾ ਕਰਨ ਲਈ ਹੀ 10ਵੇਂ ਗੇੜ ਦੀ ਗੱਲਬਾਤ ’ਚ ਆਉਣ।

ਉਧਰ, ਕਿਸਾਨ ਲੀਡਰ ਰਾਕੇਸ਼ ਟਕੈਤ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦਾ ਖੇਤੀ ਕਾਨੂੰਨਾਂ ਤੇ ਐਮਐਸਪੀ ਬਾਰੇ ਉਹੀ ਸਟੈਂਡ ਹੈ। ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਖੇਤੀ ਕਾਨੂੰਨਾਂ ’ਤੇ ਲੀਕ ਮਾਰਨ ਤੋਂ ਛੁੱਟ ਹੋਰ ਕੁਝ ਵੀ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਮੰਗਾਂ ਮੰਨਵਾ ਕੇ ਹੀ ਵਾਪਸ ਪਰਤਣਗੇ।

ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਪਿਛਲੀਆਂ ਮੀਟਿੰਗਾਂ ਵਾਂਗ ਭਲਕ ਦੀ ਮੀਟਿੰਗ ਤੋਂ ਵੀ ਕੋਈ ਬਹੁਤੀ ਉਮੀਦ ਨਹੀਂ। ਉਨ੍ਹਾਂ ਕਿਹਾ ਮੀਟਿੰਗ ਵਿੱਚ ‘ਐਨਆਈਏ’ ਵੱਲੋਂ ਕਿਸਾਨ ਅੰਦੋਲਨ ਦੇ ਹਮਾਇਤੀ ਆਗੂਆਂ ਤੇ ਹੋਰਨਾਂ ਨੂੰ ਭੇਜੇ ਸੰਮਨਾਂ/ਨੋਟਿਸਾਂ ਦਾ ਮੁੱਦਾ ਕੇਂਦਰੀ ਮੰਤਰੀਆਂ ਕੋਲ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਮੀਟਿੰਗ ਵਿੱਚ ਕਿਸਾਨ ਆਮਦਨ ਕਰ ਮਹਿਕਮੇ ਵੱਲੋਂ ਆੜ੍ਹਤੀਆਂ ’ਤੇ ਮਾਰੇ ਛਾਪੇ ਤੇ ਐਨਆਈਏ ਵੱਲੋਂ ਭੇਜੇ ਸੰਮਨਾਂ ਦਾ ਜਵਾਬ ਮੰਗਣਗੇ।