Congress President Election : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਕਾਂਗਰਸ ਦੇ ਅਗਲੇ ਪ੍ਰਧਾਨ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਅਸ਼ੋਕ ਗਹਿਲੋਤ ਨੇ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ 'ਚ ਕਿਹਾ ਕਿ, ''ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਮੈਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਾਂਗਾ। ਮੈਂ ਰਾਹੁਲ ਗਾਂਧੀ ਨੂੰ ਆਖਰੀ ਵਾਰ ਮਨਾਉਣ ਜਾ ਰਿਹਾ ਹਾਂ। ਗਾਂਧੀ ਪਰਿਵਾਰ ਨੇ ਵੰਸ਼ਵਾਦ ਦੇ ਆਰੋਪਾਂ ਦੇ ਜਵਾਬ ਵਿੱਚ ਤੈਅ ਕਰ ਦਿੱਤਾ ਹੈ ਕਿ ਇਸ ਵਾਰ ਗਾਂਧੀ ਪਰਿਵਾਰ ਦਾ ਕੋਈ ਪ੍ਰਧਾਨ ਨਹੀਂ ਹੋਵੇਗਾ। ਸ਼ਸ਼ੀ ਥਰੂਰ ਦੇ ਚੋਣ ਲੜਨ 'ਤੇ ਰਾਜਸਥਾਨ ਦੇ ਸੀਐਮ ਨੇ ਕਿਹਾ ਕਿ ਜੋ ਵੀ ਚੋਣ ਲੜਨਾ ਚਾਹੁੰਦਾ ਹੈ ,ਉਹ ਲੜ ਸਕਦਾ ਹੈ।



ਕੀ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਦਿੱਲੀ ਆਉਣ ਲਈ ਤਿਆਰ ਹੋ, ਇਸ 'ਤੇ ਅਸ਼ੋਕ ਗਹਿਲੋਤ ਨੇ ਕਿਹਾ, "ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗਹਿਲੋਤ ਮੁੱਖ ਮੰਤਰੀ ਦਾ ਅਹੁਦਾ ਨਹੀਂ ਛੱਡਣਾ ਚਾਹੁੰਦੇ। ਸੋਨੀਆ ਗਾਂਧੀ ਜੋ ਕਹੇਗੀ, ਮੈਂ ਉਹੀ ਕਰਾਂਗਾ ,ਪਰ ਇਹ ਇੱਕ ਚੋਣ ਹੈ। ਇਸ 'ਚ ਇਹ ਜ਼ਰੂਰੀ ਨਹੀਂ ਹੈ ਕਿ ਇਕ ਵਿਅਕਤੀ-ਇਕ ਅਹੁਦਾ ਹੋਵੇ, ਫਿਰ ਵੀ ਜੇਕਰ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਕਿਸੇ ਹੋਰ ਨੂੰ ਦੇਣਾ ਹੈ ਤਾਂ ਉਹ ਜੋ ਵੀ ਫੈਸਲਾ ਕਰਨਗੇ ,ਉਹ ਮਨਜ਼ੂਰ ਹੋਵੇਗਾ।


ਸਚਿਨ ਪਾਇਲਟ 'ਤੇ ਕੀ ਬੋਲੇ ਅਸ਼ੋਕ ਗਹਿਲੋਤ ?

ਸਚਿਨ ਪਾਇਲਟ ਨੂੰ ਛੱਡ ਕੇ ਕਿਸੇ ਹੋਰ ਨੂੰ ਬਣਾਉਣ ਦੇ ਸਵਾਲ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ, "ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਇਹ ਲੀਡਰਸ਼ਿਪ ਫੈਸਲਾ ਕਰੇਗੀ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਵਿਧਾਇਕ ਕਿਸ ਨੂੰ ਚਾਹੁੰਦੇ ਹਨ। ਦੱਸ ਦੇਈਏ ਕਿ ਅਸ਼ੋਕ ਗਹਿਲੋਤ ਨੇ ਦਿੱਲੀ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੇ ਦਿਨ ਵਿਧਾਇਕ ਦਲ ਨਾਲ ਮੀਟਿੰਗ ਕੀਤੀ ਸੀ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨੂੰ ਆਖਰੀ ਵਾਰ ਪਾਰਟੀ ਪ੍ਰਧਾਨ ਬਣਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਜੇਕਰ ਉਹ ਸਹਿਮਤ ਨਹੀਂ ਹੁੰਦੇ ਤਾਂ ਮੈਂ ਨਾਮਜ਼ਦਗੀ ਦਾਖ਼ਲ ਕਰਾਂਗਾ।

ਚੋਣ ਨੂੰ ਲੈ ਕੇ ਹਲਚਲ ਹੋਈ ਤੇਜ਼ 

ਧਿਆਨ ਯੋਗ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਵੀ ਚੋਣ ਲੜ ਸਕਦੇ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਸਾਬਕਾ ਸੀਐਮ ਦਿਗਵਿਜੇ ਸਿੰਘ ਨੇ ਚੋਣ ਲੜਨ ਦੇ ਸਵਾਲ ਤੋਂ ਨਾ ਤਾਂ ਇਨਕਾਰ ਕੀਤਾ ਹੈ ਅਤੇ ਨਾ ਹੀ ਸਹਿਮਤੀ ਪ੍ਰਗਟਾਈ ਹੈ। ਅਜਿਹੇ 'ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕਈ ਹੋਰ ਨਾਂ ਵੀ ਚੋਣ ਲੜਦੇ ਨਜ਼ਰ ਆ ਸਕਦੇ ਹਨ। ਕਾਂਗਰਸ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਅੱਜ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਇੱਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿੱਚ ਚੋਣ 17 ਅਕਤੂਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ।