ਨਵੀਂ ਦਿੱਲੀ: ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਅੱਜ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਨੂੰ ਆਪਣਾ ਸਮਰੱਥਨ ਦੇ ਦਿੱਤਾ। ਕਾਂਗਰਸ ਵੱਲੋਂ ਟਿਕਟਾਂ ਦੀ ਵੰਡ ਤੋਂ ਨਾਰਾਜ਼ ਚੱਲ ਰਹੇ ਤੰਵਰ ਪਹਿਲਾਂ ਹੀ ਕਾਂਗਰਸ ਵਿੱਚੋਂ ਅਸਤੀਫਾ ਦੇ ਚੁੱਕੇ ਹਨ। ਤੰਵਰ ਨੇ ਕਿਹਾ ਕਿ ਉਨ੍ਹਾਂ ਨੂੰ ਆਲਾਕਮਾਨ ਤੇ ਰਾਹੁਲ ਗਾਂਧੀ ਤੋਂ ਕੋਈ ਦਿੱਕਤ ਨਹੀਂ ਹੈ। ਤੰਵਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਖਿਲਾਫ ਹਨ ਜਿਸ ਕਰਕੇ ਉਨ੍ਹਾਂ ਨੇ ਜੇਜੇਪੀ ਨੂੰ ਸਮਰੱਥਨ ਦਿੱਤਾ ਹੈ।


ਇਸ ‘ਤੇ ਕਾਂਗਰਸ ਦੇ ਇੱਕ ਨੇਤਾ ਨੇ ਕਿਹਾ ਕਿ ਜੇਕਰ ਅਸ਼ੋਕ ਤੰਵਰ ਬੀਜੇਪੀ ਦਾ ਸਾਥ ਦਿੰਦੇ ਤਾਂ ਜਨਤਾ ‘ਚ ਇਹ ਸੁਨੇਹਾ ਜਾਂਦਾ ਕਿ ਉਨ੍ਹਾਂ ਤੇ ਰਾਹੁਲ ਗਾਂਧੀ ‘ਚ ਦੂਰੀਆਂ ਆ ਗਈਆਂ ਹਨ। ਸੋਨੀਆ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ‘ਤੇ ਉਨ੍ਹਾਂ ਨੇ ਅਸ਼ੋਕ ਦੀ ਥਾਂ ਕੁਮਾਰੀ ਸ਼ੈਲਜਾ ਨੂੰ ਪਾਰਟੀ ਦੀ ਸੂਬਾ ਪ੍ਰਧਾਨ ਬਣਾ ਦਿੱਤਾ ਤੇ ਜਦੋਂ ਟਿਕਟਾਂ ਦੀ ਵੰਡ ਦਾ ਸਮਾਂ ਆਇਆ ਤਾਂ ਤੰਵਰ ਦੇ ਹਿੱਸੇ ਇੱਕ ਵੀ ਟਿਕਟ ਨਹੀਂ ਆਈ।


ਜਦਕਿ ਅਜੇ ਅਸ਼ੋਕ ਤੰਵਰ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਹੈ। ਉਧਰ ਕਾਂਗਰਸ ਦੇ ਦੂਜੇ ਵੱਡੇ ਨੇਤਾ ਰਣਦੀਪ ਸੁਰਜੇਵਾਲਾ ਹਮੇਸ਼ਾ ਇਸ ਗੱਲ ਦੀ ਵਕਾਲਤ ਕਰਦੇ ਨਜ਼ਰ ਆਉਂਦੇ ਹਨ ਕਿ ਤੰਵਰ ਨੂੰ ਵਾਪਸ ਪਾਰਟੀ ‘ਚ ਥਾਂ ਮਿਲਣੀ ਚਾਹੀਦੀ ਹੈ। ਅਜਿਹੇ ‘ਚ ਦੁਸ਼ਯੰਤ ਚੌਟਾਲਾ ਨੂੰ ਦਿੱਤੇ ਸਮਰੱਥਨ ਨੂੰ ਮਹਿਜ਼ ਚੋਣਾਂ ਤਕ ਹੀ ਸੀਮਤ ਕਰਕੇ ਵੇਖਿਆ ਜਾ ਰਿਹਾ ਹੈ। ਅਸ਼ੋਕ ਲਈ ਕਾਂਗਰਸ ‘ਚ ਵਾਪਸੀ ਦਾ ਰਸਤਾ ਅਜੇ ਖੁੱਲ੍ਹਾ ਹੈ।