ਮਹਾਰਾਸ਼ਟਰ-ਹਰਿਆਣਾ ਵਿਧਾਨ ਸਭਾ ਚੋਣਾਂ: ਮੋਦੀ ਸਰਕਾਰ ਨੂੰ ਦੂਜੀ ਵਾਰ ਮਜ਼ਬੂਤਬਹੁਮਤ ਮਿਲਣ ਤੋਂ ਬਾਅਦ ਮਹਾਰਾਸ਼ਟਰ-ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਦੋਵਾਂ ਸੂਬਿਆਂ ਵਿੱਚ ਬੀਜੇਪੀ ਦੀ ਸਰਕਾਰ ਹੈ। ਮਹਾਰਾਸ਼ਟਰ ਵਿੱਚ, ਜਿੱਥੇ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਹਨ, ਉੱਥੇ ਹੀ ਹਰਿਆਣਾ ਵਿੱਚ ਬੀਜੇਪੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਸਰਕਾਰ ਚਲਾ ਰਹੀ ਹੈ।
ਕੀ ਇਸ ਵਾਰ ਕਾਂਗਰਸ ਸੱਤਾ ‘ਚ ਵਾਪਸੀ ਕਰ ਸਕੇਗੀ ਜਾਂ ਸੂਬੇ ‘ਚ ਮੁੜ ਬੀਜੇਪੀ ਦਾ ਬੋਲਬਾਲਾ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ 'ਏਬੀਪੀ ਨਿਊਜ਼' ਨੇ ਸੀ-ਵੋਟਰ ਨਾਲ ਓਪੀਨੀਅਨ ਪੋਲ ਕੀਤਾ ਹੈ। ਇਸ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਵੀ ਬੀਜੇਪੀ ਨੂੰ ਸ਼ਾਨਦਾਰ ਜਿੱਤ ਹਾਸਲ ਹੋਣ ਵਾਲੀ ਹੈ।
ਸਰਵੇਖਣ ਅਨੁਸਾਰ, ਸੱਤਾਧਾਰੀ ਐਨਡੀਏ ਗੱਠਜੋੜ ਮਹਾਰਾਸ਼ਟਰ ਵਿੱਚ ਭਾਰੀ ਜਿੱਤ ਨਾਲ ਵਾਪਸੀ ਕਰ ਰਿਹਾ ਹੈ। ਇਸ ਦੇ ਨਾਲ ਹੀ, ਵਿਰੋਧੀ ਧਿਰ ਦੀ ਕਲੀਨ ਸਵੀਪ ਦਿਖਾਈ ਦੇ ਰਹੀ ਹੈ। ਹਰਿਆਣਾ ਵਿੱਚ ਵੀ ਬੀਜੇਪੀ ਭਾਰੀ ਬਹੁਮਤ ਨਾਲ ਵਾਪਸੀ ਕਰ ਰਹੀ ਹੈ। ਸਰਵੇਖਣ ਮੁਤਾਬਕ ਕਾਂਗਰਸ ਵਿੱਚ ਫੁੱਟ ਦਾ ਅਸਰ ਜ਼ਮੀਨੀ ਪੱਧਰ ‘ਤੇ ਵੀ ਦਿਖਾਈ ਦੇ ਰਿਹਾ ਹੈ।
ਮਹਾਰਾਸ਼ਟਰ ਵਿੱਚ ਕੁੱਲ 288 ਵਿਧਾਨ ਸਭਾ ਸੀਟਾਂ ਹਨ ਅਤੇ ਓਪੀਨੀਅਨ ਪੋਲ ਅਨੁਸਾਰ ਭਾਜਪਾ ਅਤੇ ਉਸਦੇ ਸਹਿਯੋਗੀ 194 ਸੀਟਾਂ ਜਿੱਤ ਸਕਦੇ ਹਨ। ਇਸਦੇ ਨਾਲ ਹੀ, ਕਾਂਗਰਸ ਤੇ ਉਸਦੇ ਸਹਿਯੋਗੀ 86 ਸੀਟਾਂ ਜਿੱਤ ਸਕਦੇ ਹਨ। ਹੋਰਾਂ ਨੂੰ 8 ਸੀਟਾਂ ਮਿਲਣ ਦੀ ਉਮੀਦ ਹੈ। ਮਹਾਰਾਸ਼ਟਰ ਚੋਣਾਂ ਵਿੱਚ ਬੀਜੇਪੀ ਨੂੰ 47 ਪ੍ਰਤੀਸ਼ਤ, ਕਾਂਗਰਸ ਨੂੰ 39 ਪ੍ਰਤੀਸ਼ਤ ਅਤੇ ਹੋਰ ਪਾਰਟੀਆਂ ਨੂੰ 14 ਪ੍ਰਤੀਸ਼ਤ ਵੋਟਾਂ ਮਿਲ ਸਕਦੀਆਂ ਹਨ। ਇਸ ਅਨੁਸਾਰ 35 ਪ੍ਰਤੀਸ਼ਤ ਵੋਟਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਇਕ ਵਾਰ ਫਿਰ ਮੌਕਾ ਦੇਣਾ ਚਾਹੁੰਦੇ ਹਨ।
ਹਰਿਆਣਾ ਦੀ ਗੱਲ ਕਰੀਏ ਤਾਂ ਓਪੀਨੀਅਨ ਪੋਲ ‘ਚ 90 ਸੀਟਾਂ ਵਿੱਚੋਂ ਬੀਜੇਪੀ 83 ਸੀਟਾਂ ‘ਤੇ ਜਿੱਤ ਦਰਜ ਕਰ ਸਕਦੀ ਹੈ। ਕਾਂਗਰਸ ਦੇ ਖਾਤੇ ਸਿਰਫ 3 ਸੀਟਾਂ ਹੀ ਆ ਸਕਦੀਆਂ ਹਨ। ਹਰਿਆਣਾ ‘ਚ ਵੋਟਰਾਂ ਦੀ ਗਿਣਤੀ 1.82 ਕਰੋੜ ਹੈ। ਸੂਬੇ ਦੀ ਵਿਧਾਨ ਸਭਾ ਦਾ ਕਾਰਜਕਾਲ 2 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।
ਹਰਿਆਣਾ ਵਿੱਚ ਸੱਤਾ ਸੰਭਾਲ ਰਹੇ ਮਨੋਹਰ ਲਾਲ ਖੱਟਰ ਸੂਬੇ ਵਿੱਚ ਮੁੱਖ ਮੰਤਰੀ ਵਜੋਂ ਪਹਿਲੀ ਪਸੰਦ ਬਣ ਕੇ ਉੱਭਰੇ ਹਨ। ਓਪੀਨੀਅਨ ਪੋਲ ਵਿੱਚ, ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਆਪਣੇ ਰਾਜ ਵਿੱਚ ਕਿਹੜੇ ਨੇਤਾ ਨੂੰ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ ਤਾਂ ਇਸ ਪ੍ਰਸ਼ਨ 'ਤੇ, 40 ਪ੍ਰਤੀਸ਼ਤ ਲੋਕਾਂ ਨੇ ਮਨੋਹਰ ਲਾਲ ਖੱਟਰ ਦਾ ਨਾਮ ਲਿਆ।