ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਪੰਜ ਸੂਬਿਆਂ ਵਿੱਚ ਕਰੀਬ 80 ਸੀਟਾਂ ਲਈ ਜ਼ਬਰਦਸਤ ਪ੍ਰਚਾਰ ਕੀਤਾ ਪਰ ਬੀਜੇਪੀ ਨੇ ਇਨ੍ਹਾਂ ਵਿੱਚੋਂ ਲਗਪਗ 70 ਫੀਸਦੀ ਸੀਟਾਂ ਗੁਆ ਦਿੱਤੀਆਂ। ‘ਇੰਡੀਆ ਸਪੈਂਡ’ ਨੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਦੇ ਚੋਣ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਅੰਕੜੇ ਜਾਰੀ ਕੀਤੇ ਹਨ। ਵਿਸ਼ਲੇਸ਼ਣ ਮੁਤਾਬਕ ਯੋਗੀ ਦੀ ਜਿੱਤ ਦਾ ਅੰਕੜਾ (39.13 ਫੀਸਦੀ) ਮੋਦੀ (28.75 ਫੀਸਦੀ) ਤੋਂ ਥੋੜ੍ਹਾ ਬਿਹਤਰ ਦਿਖ ਰਿਹਾ ਹੈ।

ਅੰਕੜਿਆਂ ਮੁਤਾਬਕ ਮੋਦੀ ਨੇ 5 ਸੂਬਿਆਂ ਦੀਆਂ 80 ਵਿਧਾਨ ਸਭਾ ਸੀਟਾਂ 'ਤੇ 30 ਰੈਲੀਆਂ ਕੀਤੀਆਂ। ਇਨ੍ਹਾਂ ਵਿੱਚੋਂ ਬੀਜੇਪੀ ਨੇ ਸਿਰਫ 23 ਸੀਟਾਂ ਜਿੱਤੀਆਂ ਤੇ 57 ਸੀਟਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਮੋਦੀ ਨੇ ਸਭ ਤੋਂ ਵੱਧ 70 ਫੀਸਦੀ, ਯਾਨੀ 22 ਰੈਲੀਆਂ ਕੀਤੀਆਂ ਪਰ 54 ਸੀਟਾਂ ਵਿੱਚੋਂ ਪਾਰਟੀ ਸਿਰਫ 22 ਸੀਟਾਂ ਜਿੱਤ ਸਕੀ। ਇਸੇ ਤਰ੍ਹਾਂ ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਮੋਦੀ ਨੇ 8 ਰੈਲੀਆਂ ਕੀਤੀਆਂ। ਇਸ ਮੁਹਿੰਮ ਦੌਰਾਨ ਉਨ੍ਹਾਂ 26 ਅਸੈਂਬਲੀ ਸੀਟਾਂ ਕਵਰ ਕੀਤੀਆਂ ਪਰ ਇੰਨੀਆਂ ਸੀਟਾਂ ਵਿੱਚੋਂ ਬੀਜੇਪੀ ਨੂੰ ਸਿਰਫ ਇੱਕ ਸੀਟ ਮਿਲੀ।

ਯੋਗੀ ਦਾ ਪ੍ਰਚਾਰ ਅਸਰਦਾਰ

ਇੱਕ ਰਿਪੋਰਟ ਮੁਤਾਬਕ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਵਰਗੇ ਹਿੰਦੀ ਭਾਸ਼ੀ ਸੂਬਿਆਂ ਤੇ ਤੇਲੰਗਾਨਾ ਵਿੱਚ ਯੋਗੀ ਆਦਿੱਤਿਆ ਨਾਥ ਅਹਿਮ ਚੋਣ ਪ੍ਰਚਾਰਕ ਵਜੋਂ ਉੱਭਰੇ ਹਨ। ਵਿਸ਼ਲੇਸ਼ਣ ਦੇ ਅਨੁਸਾਰ ਯੋਗੀ ਨੇ ਸਾਰੇ ਚਾਰ ਸੂਬਿਆਂ ਵਿੱਚ 58 ਰੈਲੀਆਂ ਕੀਤੀਆਂ। ਇੱਥੇ ਬੀਜੇਪੀ ਨੇ 27 ਸੀਟਾਂ ਜਿੱਤੀਆਂ ਤੇ 42 ਵਿੱਚ ਹਾਰ ਮਿਲੀ। ਇਸੇ ਤਰ੍ਹਾਂ ਯੋਗੀ ਨੇ ਐਮਪੀ-ਰਾਜਸਥਾਨ ਵਿੱਚ 37 ਵਿਧਾਨ ਸਭਾ ਚੋਣਾਂ ’ਚ 27 ਚੋਣ ਰੈਲੀਆਂ ਕੀਤੀਆਂ। ਇਥੇ ਬੀਜੇਪੀ ਨੂੰ 21 ਸੀਟਾਂ ਮਿਲੀਆਂ।