ਨਵੀਂ ਦਿੱਲੀ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਸਿਹਤ ਬੇਹੱਦ ਗੰਭੀਰ ਹੋ ਗਈ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਹਨ ਤੇ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਏਮਜ਼ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਉਨ੍ਹਾਂ ਦੀ ਸਿਹਤ ਬੇਹੱਦ ਨਾਜ਼ੁਕ ਹੋ ਗਈ ਹੈ। ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਾਜਪਾਈ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਜ਼ਿੰਦਗੀ ਬਚਾਊ ਪ੍ਰਣਾਲੀ (ਲਾਇਫ ਸਪੋਰਟ ਸਿਸਟਮ) ਉੱਤੇ ਰੱਖਿਆ ਗਿਆ ਹੈ। ਵਾਜਪਾਈ ਨੂੰ ਡਾਇਬਿਟੀਜ਼ ਹੈ ਤੇ ਉਨ੍ਹਾਂ ਦਾ ਇੱਕ ਹੀ ਗੁਰਦਾ ਕੰਮ ਕਰਦਾ ਹੈ। ਇਸ ਸਮੇਂ ਉਨ੍ਹਾਂ ਦੀ ਗੁਰਦੇ ਤੇ ਪਿਸ਼ਾਬ ਦੀ ਨਾਲ਼ੀ ਵਿੱਚ ਇਨਫੈਕਸ਼ਨ ਦੇ ਨਾਲ-ਨਾਲ ਛਾਤੀ ਵਿੱਚ ਜਕੜਨ ਦੀ ਸ਼ਿਕਾਇਤ ਹੈ। ਭਾਸ਼ਣ ਦੇਣ ਦੇ ਮਾਹਿਰ, ਕਵੀ ਤੇ ਕੱਦਾਵਰ ਲੀਡਰ ਅਟਲ ਬਿਹਾਰੀ ਵਾਜਪਈ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਬਿਮਾਰ ਹਨ। ਸਾਲ 2009 ਵਿੱਚ ਉਨ੍ਹਾਂ ਨੂੰ ਸਟ੍ਰੋਕ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਯਾਦਾਸ਼ਤ 'ਤੇ ਬੇਹੱਦ ਮਾਰੂ ਅਸਰ ਪਿਆ। ਸਾਲ 2000 ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਉਨ੍ਹਾਂ ਦੇ ਖੱਬੇ ਗੋਢੇ ਦੀ ਸਰਜਰੀ ਹੋਈ ਸੀ। ਇਸ ਕਰਕੇ 2004 ਤੋਂ ਬਾਅਦ ਉਨ੍ਹਾਂ ਦਾ ਘੁੰਮਣਾ ਫਿਰਨਾ ਘੱਟ ਗਿਆ। ਉਨ੍ਹਾਂ ਨੂੰ ਸਾਲ 2015 ਵਿੱਚ ਭਾਰਤ ਰਤਨ ਪੁਰਸਕਾਰ ਵੀ ਉਨ੍ਹਾਂ ਦੇ ਘਰ ਜਾ ਕੇ ਹੀ ਦਿੱਤਾ। ਕਹਿਣ ਵਾਲੇ ਇਹ ਵੀ ਕਹਿੰਦੇ ਹਨ ਕਿ ਵਾਜਪਾਈ ਨੂੰ ਅਲਜ਼ਾਈਮਰ ਜਾਂ ਡਿਮੈਂਸ਼ੀਆ ਦੀ ਬਿਮਾਰੀ ਹੈ, ਪਰ ਅਧਿਕਾਰਤ ਰੂਪ ਤੋਂ ਕੋਈ ਕੁਝ ਨਹੀਂ ਕਹਿੰਦਾ।
ਸਾਬਕਾ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਦੇ ਚਹੇਤੇ ਸਨ। ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਦਾ ਦੌਰ ਜਾਰੀ ਹੈ। ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਕਈ ਕੇਂਦਰੀ ਮੰਤਰੀ ਏਮਜ਼ ਪਹੁੰਚੇ ਸਨ। ਸਿਰਫ਼ ਭਾਜਪਾ ਲੀਡਰ ਹੀ ਨਹੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਸਿਹਤਯਾਬੀ ਲਈ ਦੁਆ ਕੀਤੀ ਹੈ। ਉਨ੍ਹਾਂ ਲਈ ਆਮ ਲੋਕਾਂ ਦੇ ਨਾਲ-ਨਾਲ ਸਿਆਸਤਦਾਨ ਵੀ ਏਮਜ਼ ਪਹੁੰਚਣ ਲੱਗੇ ਹਨ।