ਗੋਲਡ ਮੈਡਲਿਸਟ ਅਥਲੀਟ ਦੀ ਪੁਲਿਸ ਅਕਾਦਮੀ 'ਚ ਚਾਕੂ ਮਾਰ ਕੇ ਹੱਤਿਆ
ਏਬੀਪੀ ਸਾਂਝਾ | 31 Dec 2017 04:50 PM (IST)
ਕਰਨਾਲ: ਸੋਨ ਤਗ਼ਮਾ ਜੇਤੂ ਅਥਲੀਟ ਸੰਦੀਪ ਨੂੰ ਜ਼ਹਿਰ ਖੁਆ ਕੇ ਤੇ ਚਾਕੂ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। 20 ਸਾਲਾ ਅਥਲੀਟ ਅੱਜ ਮਧੁਬਨ ਪੁਲਿਸ ਅਕਾਦਮੀ ਦੇ ਗੋਲਫ ਗ੍ਰਾਊਂਡ ਵਿੱਚ ਆਪਣਾ ਅਭਿਆਸ ਕਰਨ ਆਇਆ ਸੀ। ਸੰਦੀਪ ਕਰਨਾਲ ਦੇ ਪਿੰਡ ਬਿਰਚਪੁਰ ਦਾ ਰਹਿਣ ਵਾਲਾ ਸੀ ਤੇ ਉਹ ਹਰ ਰੋਜ਼ ਮਧੁਬਨ ਅਕਾਦਮੀ ਵਿੱਚ ਆਉਂਦਾ ਸੀ। ਅੱਜ ਜਦੋਂ ਉਹ ਸਵੇਰੇ ਇੱਥੇ ਆਇਆ ਤਾਂ ਕੁਝ ਅਣਪਛਾਤੇ ਲੋਕਾਂ ਨੇ ਪਹਿਲਾਂ ਉਸ ਨੂੰ ਜ਼ਹਿਰ ਦਿੱਤਾ ਫਿਰ ਚਾਕੂਆਂ ਨਾਲ ਉਸ 'ਤੇ ਕਈ ਵਾਰ ਕੀਤੇ। ਇਸ ਘਟਨਾ ਵਿੱਚ ਖਿਡਾਰੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਕਲਪਨਾ ਚਾਵਲਾ ਮੈਡੀਕਲ ਹਸਪਤਾਲ ਲਿਆਂਦਾ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਆਪਣੇ ਜਵਾਨ ਪੁੱਤ ਦੀ ਮੌਤ ਤੋਂ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਉਨ੍ਹਾਂ ਨੂੰ ਸੰਦੀਪ ਤੋਂ ਵੱਡੀਆਂ ਆਸਾਂ ਸਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਦੋਸ਼ੀਆਂ ਨੂੰ ਛੇਤੀ ਕਾਬੂ ਕਰ ਕੇ ਸਖ਼ਤ ਸਜ਼ਾ ਦੇਵੇ।