ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਲਖੀਮਪੁਰ ਖੀਰੀ ਹਿੰਸਾ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸ਼ਰੇਆਮ ਦੋਸ਼ ਲਾਇਆ ਹੈ ਕਿ ਲਖੀਮਪੁਰ ਖੀਰੀ ਹਿੰਸਾ ਨੂੰ ਹਿੰਦੂ ਬਨਾਮ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਨਾ ਸਿਰਫ ‘ਅਨੈਤਿਕ ਤੇ ਗਲਤ ਧਾਰਨਾ’ ਪੈਦਾ ਕਰ ਰਹੀ ਹੈ ਬਲਕਿ ‘ਖਤਰਨਾਕ’ ਵੀ ਹੈ।
ਦੱਸ ਦਈਏ ਕਿ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ 3 ਅਕਤੂਬਰ ਨੂੰ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਵਿਖੇ ਹੋਈ ਹਿੰਸਾ ਤੋਂ ਬਾਅਦ ਲਗਾਤਾਰ ਆਪਣੀ ਹੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਲਖੀਮਪੁਰ ਹਿੰਸਾ ਤੋਂ ਬਾਅਦ ਵਰੁਣ ਨੇ ਇੱਕ ਵੀਡੀਓ ਸਾਂਝਾ ਕੀਤਾ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਇਸ ਮੁੱਦੇ 'ਤੇ ਯੋਗੀ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਗੰਨੇ ਦੇ ਮੁੱਦੇ 'ਤੇ ਸੀਐਮ ਯੋਗੀ ਨੂੰ ਚਿੱਠੀ ਲਿਖੀ ਸੀ।
ਅੱਜ ਫਿਰ ਵਰੁਣ ਗਾਂਧੀ ਨੇ ਟਵੀਟ ਕਰਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਐਤਵਾਰ ਨੂੰ ਵਰੁਣ ਗਾਂਧੀ ਨੇ ਲਖੀਮਪੁਰ ਹਿੰਸਾ ਨੂੰ ਲੈ ਕੇ ਯੋਗੀ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਟਵੀਟ ਕੀਤਾ ਕਿ ਲਖੀਮਪੁਰ ਖੀਰੀ ਹਿੰਸਾ ਨੂੰ ਹਿੰਦੂ ਬਨਾਮ ਸਿੱਖ ਲੜਾਈ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਰੁਣ ਗਾਂਧੀ ਨੇ ਕਿਹਾ ਕਿ ਅਜਿਹੀ ਕੋਸ਼ਿਸ਼ ਨਾ ਸਿਰਫ ਅਨੈਤਿਕ ਤੇ ਝੂਠੀ ਹੈ, ਬਲਕਿ ਉਨ੍ਹਾਂ ਜ਼ਖ਼ਮਾਂ ਨੂੰ ਦੁਬਾਰਾ ਕੁਰੇਦਨਾ ਖਤਰਨਾਕ ਹੈ ਜਿਸ ਨੂੰ ਠੀਕ ਹੋਣ ਵਿੱਚ ਕਈ ਪੀੜ੍ਹੀਆਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਰਾਜਨੀਤਕ ਲਾਭ ਨੂੰ ਰਾਸ਼ਟਰੀ ਏਕਤਾ ਤੋਂ ਉੱਪਰ ਨਹੀਂ ਰੱਖਣਾ ਚਾਹੀਦਾ।