ਨਵੀਂ ਦਿੱਲੀ: ਕੇਂਦਰ ਵਲੋਂ ਪਾਸ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 44ਵਾਂ ਦਿਨ ਹੈ। ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਅੱਜ ਦੁਪਹਿਰ 2 ਵਜੇ ਵਿਗਿਆਨ ਭਵਨ 'ਚ ਗੱਲਬਾਤ ਕਰਨਗੇ।ਇਹ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਠਵੇਂ ਗੇੜ ਦੀ ਮੀਟਿੰਗ ਹੋਏਗੀ।ਪਰ ਇਸ ਮੀਟਿੰਗ ਤੋਂ ਪਹਿਲਾਂ ਇੱਕ ਵਿਚੋਲਾ ਸਾਹਮਣੇ ਆਇਆ ਹੈ।

ਨਾਨਕਸਰ ਭਾਈਚਾਰੇ ਨਾਲ ਜੁੜੇ ਬਾਬਾ ਲੱਖਾ ਸਿੰਘ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕੀਤੀ ਹੈ।ਉਨ੍ਹਾਂ ਨੇ ਖੇਤੀਬਾੜੀ ਮੰਤਰੀ ਨੂੰ ਕਿਸਾਨਾਂ ਅਤੇ ਸਰਕਾਰ ਦਰਮਿਆਨ ਵਿਚੋਲਗੀ ਲਈ ਪ੍ਰਸਤਾਵ ਦਿੱਤਾ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬਾਬਾ ਲੱਖਾ ਸਿੰਘ ਨੇ ਦਾਅਵਾ ਕੀਤਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਉਨ੍ਹਾਂ ਨਾਲ ਗੱਲਬਾਤ ਦੌਰਾਨ ਰੋ ਪਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੋ ਘੰਟੇ ਸਾਡੀ ਗੱਲ ਧਿਆਨ ਨਾਲ ਸੁਣੀ।

ਸੂਤਰਾਂ ਅਨੁਸਾਰ, ਬਾਬਾ ਲੱਖਾ ਸਿੰਘ ਨੇ ਸਰਕਾਰ ਦਾ ਪੱਖ ਸੁਣਿਆ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਸੀਂ ਦਸ ਕਦਮ ਅੱਗੇ ਵਧੇ ਹਾਂ।ਕਿਸਾਨ ਜੱਥੇਬੰਦੀਆਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਕਾਨੂੰਨ ਰੱਦ ਕਰਨ ਦੇ ਮੁੱਦੇ ਨੂੰ ਛੱਡ ਕੇ ਜੇ ਕਿਸਾਨ ਕੋਈ ਵੀ ਹੋਰ ਹੱਲ ਦੱਸਣ ਤਾਂ ਸਰਕਾਰ ਇਸ ਉੱਤੇ ਵਿਚਾਰ ਕਰੇਗੀ।

ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ, ਲੱਖਾ ਸਿੰਘ ਨੇ ਕਿਹਾ- "ਲੋਕ ਮਰ ਰਹੇ ਹਨ। ਬੱਚੇ, ਕਿਸਾਨ, ਬਜ਼ੁਰਗ ਔਰਤਾਂ ਅਤੇ ਆਦਮੀ ਸੜਕਾਂ 'ਤੇ ਹਨ। ਸੋਗ ਅਸਹਿ ਹੈ। ਮੈਂ ਸੋਚਿਆ ਕਿ ਇਸ ਦਾ ਹੱਲ ਕਿਵੇਂ ਹੋਣਾ ਚਾਹੀਦਾ ਹੈ। ਇਸ ਲਈ ਮੈਂ ਅੱਜ ਖੇਤੀਬਾੜੀ ਮੰਤਰੀ ਨੂੰ ਮਿਲਿਆ। ਗੱਲਬਾਤ ਚੰਗੀ ਸੀ ਅਤੇ ਅਸੀਂ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ।"

ਲੱਖਾ ਸਿੰਘ ਨੇ ਅੱਗੇ ਕਿਹਾ- ਸਾਡੇ ਕੋਲ ਇੱਕ ਨਵਾਂ ਪ੍ਰਸਤਾਵ ਹੋਵੇਗਾ ਅਤੇ ਇਸ ਮਸਲੇ ਦਾ ਹੱਲ ਲੱਭਣਾ ਹੋਵੇਗਾ। ਅਸੀਂ ਜਿੰਨੀ ਜਲਦੀ ਹੋ ਸਕੇ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਹੱਲ ਵਿੱਚ ਸਾਡੇ ਨਾਲ ਹਨ।
ਲੱਖਾ ਸਿੰਘ ਕੌਣ ਹੈ?
ਬਾਬਾ ਲੱਖਾ ਸਿੰਘ ਪੰਜਾਬ ਦੇ ਮੋਗਾ ਦੇ ਨਾਨਕਸਰ ਸੰਪਰਦਾ ਨਾਲ ਜੁੜੇ ਹੋਏ ਹਨ। ਉਹ ਨਾਨਕਸਰ ਗੁਰਦੁਆਰਾ ਕਲੇਰਾਂ ਦੇ ਮੁਖੀ ਹਨ।