ਨਵੀਂ ਦਿੱਲੀ: ਬਾਬਾ ਰਾਮਦੇਵ ਨੇ ਐਲੋਪੈਥੀ ਦਵਾਈਆਂ ਨੂੰ ਲੈਕੇ ਦਿੱਤਾ ਆਪਣਾ ਵਿਵਾਦਤ ਬਿਆਨ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਸ ਬਿਆਨ ਨੂੰ ਬੇਹੱਦ ਬਦਕਿਸਮਤੀ ਵਾਲਾ ਕਰਾਰ ਦਿੰਦਿਆਂ ਰਾਮਦੇਵ ਨੂੰ ਚਿੱਠੀ ਲਿਖ ਕੇ ਇਸ ਨੂੰ ਵਾਪਸ ਲੈਣ ਲਈ ਕਿਹਾ ਸੀ।


ਬਾਬਾ ਰਾਮਦੇਵ ਨੇ ਬਿਆਨ ਵਾਪਸ ਲੈਂਦਿਆਂ ਇਕ ਚਿੱਠੀ ਵੀ ਕੇਂਦਰੀ ਮੰਤਰੀ ਹਰਸ਼ਵਰਧਨ ਨੂੰ ਲਿਖੀ ਹੈ। ਉਨ੍ਹਾਂ ਟਵੀਟ ਕੀਤਾ, 'ਡਾ.ਹਰਸ਼ਵਰਧਨ ਜੀ ਤੁਹਾਡੀ ਚਿੱਠੀ ਮਿਲੀ, ਉਸ ਦੇ ਸੰਦਰਭ 'ਚ ਮੈਂ ਮੈਡੀਕਲ ਅਭਿਆਸ ਦੇ ਇਸ ਸੰਘਰਸ਼ ਦੇ ਪੂਰੇ ਵਿਵਾਦ ਨੂੰ ਖੇਦਪੂਰਵਕ ਵਿਰ੍ਹਾਮ ਦਿੰਦਿਆਂ ਆਪਣਾ ਬਿਆਨ ਵਾਪਸ ਲੈਂਦਾ ਹਾਂ ਤੇ ਇਹ ਚਿੱਠੀ ਤੁਹਾਨੂੰ ਭੇਜ ਰਿਹਾ ਹਾਂ। ਆਪਣੀ ਚਿੱਠੀ 'ਚ ਰਾਮਦੇਵ ਨੇ ਲਿਖਿਆ ਕਿ ਉਹ ਆਧੁਨਿਕ ਮੈਡੀਕਲ ਵਿਗਿਆਨ ਤੇ ਐਲੋਪੈਥੀ ਦੇ ਵਿਰੋਧੀ ਨਹੀਂ ਹਨ।


 






ਹਰਸ਼ਵਰਧਨ ਨੇ ਰਾਮਦੇਵ ਨੂੰ ਚਿੱਠੀ ਲਿਖ ਕੇ ਕਿਹਾ, 'ਤੁਹਾਡਾ ਬਿਆਨ ਕੋਰੋਨਾ ਯੋਧਿਆਂ ਦਾ ਅਨਾਦਰ ਤੇ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਐਲੋਪੈਥੀ 'ਤੇ ਤੁਹਾਡਾ ਬਿਆਨ ਸਿਹਤਕਰਮੀਆਂ ਦਾ ਮਨੋਬਲ ਤੋੜ ਸਕਦਾ ਹੈ।' ਇਸ ਨਾਲ ਕੋਵਿਡ19 ਖਿਲਾਫ ਸਾਡੀ ਲੜਾਈ ਕਮਜ਼ੋਰ ਹੋ ਸਕਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਐਲੋਪੈਥੀ ਦਵਾਈਆਂ ਨੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾਈ ਹੈ ਤੇ ਇਹ ਟਿਪਣੀ ਬੇਹੱਦ ਨਿੰਦਣਯੋਗ ਹੈ ਕਿ ਇਸ ਨਾਲ ਲੱਖਾਂ ਲੋਕਾਂ ਦੀ ਜਾਨ ਗਈ।


ਹਰਸ਼ਵਰਧਨ ਨੇ ਚਿੱਠੀ 'ਚ ਲਿਖਿਆ, 'ਬਾਬਾ ਰਾਮਦੇਵ,  ਤੁਸੀਂ ਜਾਣੀ-ਮਾਣੀ ਹਸਤੀ ਹੋ ਤੇ ਤੁਹਾਡੇ ਬਿਆਨ ਅਹਿਮੀਅਤ ਰੱਖਦੇ ਹਨ। ਮੈਨੂੰ ਲੱਗਦਾ ਹੈ ਕਿ ਤਹਾਨੂੰ ਸਮੇਂ ਤੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਕੋਈ ਬਿਆਨ ਦੇਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰੋਗੇ। ਦੁਨੀਆਂ ਭਰ ਦੇ ਕੋਰੋਨਾ ਯੋਧਿਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਆਪਣਾ ਬਿਆਨ ਵਾਪਸ ਲਵੋ।


ਆਈਐਮਏ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਵੀਡੀਓ ਦਾ ਹਵਾਲਾ ਦਿੰਦਿਆਂ ਸ਼ਨੀਵਾਰ ਕਿਹਾ ਸੀ ਕਿ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਐਲੋਪੈਥੀ ਬਕਵਾਸੀ ਵਿਗਿਆਨ ਹੈ ਤੇ ਭਾਰਤ 'ਚ ਕੋਵਿਡ-19 ਦੇ ਇਲਾਜ ਲਈ ਮਨਜੂਰ ਕੀਤੀ ਗਈ ਰੇਮਡੇਸਿਵਿਰ, ਫੈਬੀਫਲੂ ਤੇ ਅਜਿਹੀਆਂ ਹੋਰ ਦਵਾਈਆਂ ਬਿਮਾਰੀ ਦਾ ਇਲਾਜ ਕਰਨ 'ਚ ਅਸਫਲ ਰਹੀਆਂ ਹਨ। ਆਈਐਮਏ ਦੇ ਮੁਤਾਬਕ ਰਾਮਦੇਵ ਨੇ ਕਿਹਾ ਸੀ, ਐਲੋਪੈਥੀ ਦਵਾਈਆਂ ਲੈਣ ਤੋਂ ਬਾਅਦ ਲੱਖਾਂ ਮਰੀਜ਼ਾਂ ਦੀ ਮੌਤ ਹੋਈ ਹੈ।