ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਪ੍ਰਯਾਗਰਾਜ ‘ਚ ਚੱਲ ਰਹੇ ਕੁੰਭ ਦੇ ਮੇਲੇ ‘ਚ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆ ਨੂੰ ਸਰਕਾਰੀ ਸੁਵਿਧਾਵਾਂ ਨਹੀਂ ਮਿਲਣੀਆਂ ਚਾਹੀਦੀਆਂ। ਇਸ ਦੇ ਨਾਲ ਹੀ ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਕਰ ਦੇਣਾ ਚਾਹੀਦਾ ਹੈ।
ਕੁੰਭ ਮੇਲੇ ‘ਚ ਦਿਵੀਆ ਪ੍ਰੇਮ ਸੇਵਾ ਮਿਸ਼ਨ ਵੱਲੋਂ ਕਰਵਾਏ ਸਮਾਗਮ ‘ਚ ਰਾਮਦੇਵ ਨੇ ਜਾਤੀਵਾਦ ਵਿਵਸਥਾ ‘ਤੇ ਸਵਾਲ ਚੁੱਕਦੇ ਹੋਏ ਲੋਕਾਂ ਨੂੰ ਫਟਕਾਰ ਲਾਈ ਤੇ ਸੰਤਾਂ ਨੂੰ ਇਸ ਬਾਰੇ ਪਹਿਲ ਕਰਨ ਨੂੰ ਕਿਹਾ। ਰਾਮਦੇਵ ਨੇ ਕਿਹਾ ਕਿ ਹੁਣ ਸੰਤ ਸਮਾਜ ‘ਚ ਵੀ ਜਾਤੀਵਾਦਤਾ ਆ ਗਈ ਹੈ। ਸੰਤਾਂ ਨੂੰ ਇਸ ਨੂੰ ਦੂਰ ਕਰਨਾ ਚਾਹੀਦਾ ਹੈ।
ਯੋਗ ਗੁਰੂ ਰਾਮਦੇਵ ਭਾਰਤ ਰਤਨ ਦਿੱਤੇ ਜਾਣ ਦੇ ਫੈਸਲੇ ਤੋਂ ਵੀ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 70 ਸਾਲ ਤੋਂ ਕਿਸੇ ਵੀ ਸੰਤ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ। ਕਈ ਅਜਿਹੇ ਸੰਤ ਹੋਏ ਹਨ ਜਿਨ੍ਹਾਂ ਨੇ ਅਜਿਹੇ ਕੰਮ ਕੀਤੇ ਹਨ ਕਿ ਉਨ੍ਹਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਲੀ ਵਾਰ ਕਿਸੇ ਇੱਕ ਸੰਤ ਨੂੰ ਭਾਰਤ ਰਤਨ ਜ਼ਰੂਰ ਦਿੱਤਾ ਜਾਵੇ।