ਜੀਂਦ/ਰਾਮਗੜ੍ਹ: ਹਰਿਆਣਾ ਦੇ ਜੀਂਦ, ਰਾਜਸਥਾਨ ਦੇ ਅਲਵਰ ਅਤੇ ਤਮਿਲਨਾਡੂ ਦੀ ਤਿਰੂਵਰੂਰ ਵਾਧਾਨ ਸਭਾ ਸੀਟਾਂ ’ਤੇ ਵੋਟਿੰਗ ਜਾਰੀ ਹੈ। ਜੀਂਦ ਸੀਟ ’ਤੇ ਸਵੇਰੇ 7 ਅਤੇ ਰਾਮਗੜ੍ਹ ਸੀਟ ਤੋਂ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਕੜਾਕੇ ਦੀ ਠੰਢ ਦੇ ਬਾਵਜੂਦ ਜੀਂਦ ਦੇ ਕੁਝ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ। ਜੀਂਦ ਵਿੱਚ 174 ਪੋਲਿੰਗ ਬੂਥਾਂ ’ਤੇ 9 ਵਜੇ ਤਕ 15 ਫੀਸਦੀ ਵੋਟਾਂ ਪਈਆਂ ਹਨ। ਵੋਟਾਂ ਦੀ ਗਿਣਤੀ ਵੀਰਵਾਰ ਨੂੰ ਕੀਤੀ ਜਾਏਗੀ।

ਜੀਂਦ ਵਿਧਾਨ ਸਭਾ ਸੀਟ ’ਤੇ ਉਪ ਚੋਣਾਂ ਵਿੱਚ ਦੋ ਮਹਿਲਾ ਉਮੀਦਵਾਰਾਂ ਸਮੇਤ ਕੁੱਲ 21 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ਇਨ੍ਹਾਂ ਵਿੱਚ ਸੱਤਾਧਾਰੀ ਬੀਜੇਪੀ ਦੇ ਡਾ. ਕ੍ਰਿਸ਼ਣਲਾਲ ਮਿੱਡਾ, ਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ ਅਤੇ ਇਨੈਲੋ ਦੇ ਉਮੀਦਵਾਰ ਉਮੇਦ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਾਂਸਦ ਦੁਸ਼ਿਅੰਤ ਚੌਟਾਲਾ ਦੇ ਭਰਾ ਦਿਗਵਿਜੈ ਚੌਟਾਲਾ ਵੀ ਚੋਣ ਮੈਦਾਨ ਵਿੱਚ ਹਨ। ਇਹ ਉਪ ਚੋਣਾਂ ਜੀਂਦ ਤੋਂ ਇਨੈਲੋ ਵਿਧਾਇਕ ਡਾ. ਹਰਿਚੰਦ ਮਿੱਢਾ ਦੀ ਮੌਤ ਕਰਕੇ ਹੋ ਰਹੀਆਂ ਹਨ।



ਜੀਂਦ ਉਪਚੋਣਾਂ ਵਿੱਚ ਦਿਗਵਿਜੈ ਸਿੰਘ ਨੂੰ ਆਮ ਆਦਮੀ ਪਾਰਟੀ ਦਾ ਸਾਥ ਮਿਲਿਆ ਹੈ। ਦਿਗਵਿਜੈ ਨੇ ਕਿਹਾ ਹੈ ਕਿ ਅੱਜ ਉਨ੍ਹਾਂ ਦਾ ਦਿਨ ਹੈ। ਉਨ੍ਹਾਂ ਵੱਡੇ ਫਰਕ ਨਾਲ ਚੋਣਾਂ ਜਿੱਤਣ ਦਾ ਦਾਅਵਾ ਕੀਤਾ ਹੈ। ਵੋਟਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਪੁਲਿਸ ਅਤੇ ਅਰਧ-ਸੈਨਿਕ ਬਲ ਦੇ 3 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ।