ਨੰਦਾ ਨੇ ਦੱਸਿਆ ਕਿ ਲਾਹੌਲ ਸਪਿਤੀ, ਸਿਰਮੌਰ, ਕਾਂਗੜਾ, ਸੋਲਨ ਤੇ ਚੰਬਾ ਜ਼ਿਲ੍ਹਿਆਂ ਵਿੱਚ ਤਾਜ਼ਾ ਬਰਫ਼ਬਾਰੀ ਤੇ ਬਾਰਸ਼ ਹੋਈ ਹੈ। ਹਾਲਾਤਾਂ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਨੰਦਾ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਸੂਬਾ/ਜ਼ਿਲ੍ਹਾ ਪੱਧਰ ਦੇ ਐਮਰਜੈਂਸੀ ਆਪ੍ਰੇਸ਼ਨ ਕੇਂਦਰਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।
ਲੋਕ ਨਿਰਮਾਣ ਵਿਭਾਗ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 484 ਸੜਕਾਂ ਵਿੱਚੋਂ 78 ਸੜਕਾਂ ਨੂੰ ਅੱਜ ਸ਼ਾਮ ਤਕ ਜਦਕਿ 216 ਸੜਕਾਂ ਨੂੰ 28 ਜਨਵਰੀ ਤਕ ਆਵਾਜਾਈ ਲਈ ਖੋਲ੍ਹ ਦਿੱਤਾ ਜਾਏਗਾ। ਉਨ੍ਹਾਂ ਬਾਕੀ 190 ਸੜਕਾਂ ਵੀ ਜਲਦੀ ਬਹਾਲ ਕੀਤੇ ਜਾਣ ਦਾ ਭਰੋਸਾ ਜਤਾਇਆ। ਸੜਕਾਂ ਦੀ ਮੁੜ ਬਹਾਲੀ ਲਈ 205 ਮਸ਼ੀਨਾ ਕੰਮ ’ਤੇ ਲਾਈਆਂ ਗਈਆਂ ਹਨ।
ਮਨਾਲੀ ਵਿੱਚ ਸੈਲਾਨੀਆਂ ਨੂੰ ਬਰਫ਼ੀਲੀਆਂ ਢਲਾਨਾਂ ’ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਹ ਐਡਵਾਇਜ਼ਰੀ ਜ਼ਿਲ੍ਹਾ ਸ਼ਿਮਲਾ, ਚੰਬਾ, ਲਾਹੌਲ ਸਪਿਤੀ, ਕੁੱਲੂ ਤੇ ਕਿਨੌਰ ਵਿੱਚ 27 ਤੇ 28 ਜਨਵਰੀ ਲਈ ਜਾਰੀ ਕੀਤੀ ਗਈ ਹੈ।