ਇਸਲਾਮਾਬਾਦ: ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ 'ਤੇ ਦੋਵੇਂ ਧਿਰਾਂ ਬਾਕਾਇਦਾ ਰਾਬਤਾ ਕਰ ਰਹੀਆਂ ਹਨ। ਭਾਰਤ ਸਰਕਾਰ ਨੇ ਇਸ ਕਾਰਜ ਲਈ ਆਪਣਾ ਨੁਮਾਇੰਦਾ ਵੀ ਨਿਯੁਕਤ ਕਰ ਦਿੱਤਾ ਹੈ। ਬਿਸਾਰੀਆ ਨੇ ਪਾਕਿਸਤਾਨ ਵਿੱਚ ਮਨਾਏ ਗਏ 70 ਗਣਤੰਤਰ ਦਿਵਸ ਮੌਕੇ ਸ਼ੁੱਕਰਵਾਰ ਨੂੰ ਇਹ ਬਿਆਨ ਦਿੱਤਾ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਗਲਿਆਰੇ ਸਬੰਧੀ ਕਈ ਬੈਠਕਾਂ ਹੋ ਚੁੱਕੀਆਂ ਹਨ। ਹਾਲਾਂਕਿ, ਹਾਈ ਕਮਿਸ਼ਨਰ ਨੇ ਚੋਣਾਂ ਨੇੜੇ ਆਉਣ ਕਰਕੇ ਦੁਵੱਲੀ ਗੱਲਬਾਤ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਦਾ ਖੰਡਨ ਵੀ ਕੀਤਾ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇੱਕ-ਦੂਜੇ ਦਾ ਵਿਸ਼ਵਾਸ ਜਿੱਤਣਾ ਵੱਧ ਜ਼ਰੂਰੀ ਹੈ। ਬਿਸਾਰੀਆ ਨੇ ਕਿਹਾ ਕਿ ਹਾਲੇ ਦੋਵੇਂ ਦੇਸ਼ਾਂ ਨੇ ਕਰਤਾਰਪੁਰ ਸਾਹਿਬ ਗਲਿਆਰੇ ਲਾਂਘੇ ਦੀਆਂ ਸ਼ਰਤਾਂ ਤੈਅ ਕਰਨੀਆਂ ਬਾਕੀ ਹਨ।

ਬਿਸਾਰੀਆ ਦਾ ਇਹ ਬਿਆਨ ਉਦੋਂ ਆਇਆ ਹੈ, ਜਦ ਭਾਰਤ ਤੇ ਪਾਕਿਸਤਾਨ ਲਾਂਘੇ ਦੀਆਂ ਸ਼ਰਤਾਂ ਤੈਅ ਕਰਨ ਲਈ ਇੱਕ-ਦੂਜੇ ਦੇ ਦੇਸ਼ ਜਾਣ ਤੋਂ ਕੰਨੀ ਕਤਰਾਅ ਰਹੇ ਹਨ। ਬਿਸਾਰੀਆ ਨੇ ਕਿਹਾ ਕਿ ਭਾਰਤ ਨੇ ਪਿਛਲੇ ਹਫ਼ਤੇ ਹੀ ਪਾਕਿਸਤਾਨ ਨਾਲ ਸਰਹੱਦ 'ਤੇ ਕੌਰੀਡੋਰ ਦੇ ਲੰਘਣ ਦੀ ਅਸਲ ਥਾਂ ਦੇ ਵੇਰਵੇ ਵੀ ਸਾਂਝੇ ਕੀਤੇ ਸਨ।