ਚੰਡੀਗੜ੍ਹ: ਡੈਟਰੌਇਟ ਦੇ ਇੱਕ ਪਰਿਵਾਰ ਨੂੰ ਸਿਰਫ ਇਸ ਲਈ ਜਹਾਜ਼ ਵਿੱਚ ਸਫ਼ਰ ਕਰਨੋਂ ਮਨ੍ਹਾ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਵਿੱਚੋਂ ਗੰਦੀ ਮੁਸ਼ਕ ਆ ਰਹੀ ਸੀ। ਅਮਰੀਕੀ ਏਅਰ ਲਾਈਨ ਦੀ ਉਡਾਣ ਵਿੱਚ ਜਦੋਂ ਯਾਤਰੀਆਂ ਨੇ ਪਰਿਵਾਰ ਵਿੱਚੋਂ ਬਦਬੋ ਆਉਣ ਦੀ ਸ਼ਿਕਾਇਤ ਕੀਤੀ ਤਾਂ ਯੋਸੀ ਐਡਲਰ, ਉਸ ਦੀ ਪਤਨੀ ਜੈਨੀ ਅਤੇ ਉਨ੍ਹਾਂ ਦੀ 19 ਮਹੀਨਿਆਂ ਦੀ ਧੀ ਨੂੰ ਉਡਾਣ ਤੋਂ ਹੇਠਾਂ ਉਤਾਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਐਡਲਰ ਆਪਣੇ ਪਰਿਵਰਾ ਨਾਲ ਮਿਆਮੀ ਵਿੱਚ ਛੁੱਟੀਆਂ ਬਿਤਾ ਕਿ ਵਾਪਸ ਘਰ ਜਾ ਰਿਹਾ ਸੀ ਪਰ ਉਡਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਜਹਾਜ਼ ਵਿੱਚੋਂ ਬਾਹਰ ਕਰ ਦਿੱਤਾ ਗਿਆ। ਐਡਲਰ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਨੂੰ ਜਹਾਜ਼ ਵਿੱਚੋਂ ਬਾਹਰ ਲੈ ਗਏ ਅਤੇ ਕਿਹਾ ਗਿਆ ਕਿ ਕੁਝ ਯਾਤਰੀਆਂ ਨੇ ਉਨ੍ਹਾਂ ਕੋਲੋਂ ਦੁਰਗੰਧ ਆਉਣ ਦੀ ਸ਼ਿਕਾਇਤ ਕੀਤੀ ਹੈ। ਇਸ ਕਰਕੇ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਸਕਦਾ। ਹਾਲਾਂਕਿ ਉਨ੍ਹਾਂ ਸਟਾਫ ਨੂੰ ਬਥੇਰਾ ਕਿਹਾ ਸੀ ਕਿ ਉਨ੍ਹਾਂ ਕੋਲੋਂ ਕਿਸੇ ਤਰ੍ਹਾਂ ਦੀ ਬਦਬੋ ਨਹੀਂ ਆ ਰਹੀ ਪਰ ਕਿਸੇ ਨੇ ਉਨ੍ਹਾਂ ਦੀ ਇੱਕ ਨਾ ਸੁਣੀ।