ਫਾਜ਼ਿਲਕਾ: ਅੱਜ ਦੇਸ਼ ਅੰਦਰ 70ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬੀਐਸਐਫ ਦੇ ਭਾਰਤੀ ਜਵਾਨਾਂ ਨੇ ਸਰਹੱਦ ’ਤੇ ਚੱਲ ਰਹੇ ਤਣਾਅ ਦੇ ਬਾਵਜੂਦ ਇੱਕ ਕਦਮ ਅੱਗੇ ਵਧਦਿਆਂ ਪਾਕਿਸਤਾਨੀ ਰੇਂਜਰਾਂ ਨਾਲ ਗਣਤੰਤਰ ਦਿਵਸ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਬੀਐਸਐਫ ਨੇ ਪਾਕਿਸਤਾਨੀ ਰੇਂਜਰਾਂ ਨੂੰ ਮਠਿਆਈ ਭੇਟ ਕਰਦਿਆਂ ਆਪਸੀ ਸਾਂਝ ਦੀ ਕਾਮਨਾ ਕੀਤੀ।

ਭਾਰਤੀ ਸੀਮਾ ਸੁਰੱਖਿਆ ਬਲ ਦੇ ਡਿਪਟੀ ਕਮਾਂਡੈਂਟ ਸੰਜੈ ਡੋਵਲ ਨੇ ਜ਼ੀਰੋ ਲਾਈਨ ’ਤੇ ਜਾ ਕੇ ਪਾਕਿਸਤਾਨੀ ਰੇਂਜਰਾਂ ਨੂੰ ਮਠਿਆਈ ਭੇਟ ਕੀਤੀ। ਉੱਧਰੋਂ ਪਾਕਿਸਤਾਨ ਵੱਲੋਂ ਪਹੁੰਚੇ ਪਾਕਿਸਤਾਨੀ ਫੌਜ ਦੇ ਡਿਪਟੀ ਕਮਾਂਡੈਂਟ ਅਨਵਰ ਹੁਸੈਨ ਨੇ ਮਠਿਆਈ ਕਬੂਲ ਕਰਦਿਆਂ ਭਾਰਤੀ ਜਵਾਨਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।

ਇਸ ਮੌਕੇ ਬਾਰਡਰ ਏਰੀਆ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਅਜਿਹੇ ਮੌਕੇ ਯਾਦਗਾਰ ਬਣਦੇ ਹਨ ਤੇ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਪ੍ਰੇਮ ਦੀ ਭਾਵਨਾ ਵਧਦੀ ਹੈ।