ਵਾਸ਼ਿੰਗਟਨ: ਸਿੱਖ ਵੱਖਵਾਦੀਆਂ ਦੇ ਗਰੁੱਪ ਐਸਐਫਜੇ ਵੱਲੋਂ ਅਮਰੀਕਾ ਵਿੱਚ ਭਾਰਤੀ ਅੰਬੈਸੀ ਸਾਹਮਣੇ ਤਿਰੰਗਾ ਝੰਡਾ ਸਾੜਨ ਦਾ ਯਤਨ ਕਰਨ ਵਾਲਿਆਂ ਦਾ ਸਥਾਨਕ ਸਿੱਖ ਭਾਈਚਾਰੇ ਨੇ ਕਾਫੀ ਵਿਰੋਧ ਕੀਤਾ ਹੈ। ਇਸ ਦੇ ਨਾਲ ਗਰੁੱਪ 'ਤੇ ਟਵਿੱਟਰ ਨੇ ਵੀ ਕਾਰਵਾਈ ਕੀਤੀ ਹੈ। ਟਵਿੱਟਰ ਨੇ ਨਿਊਯਾਰਕ ਆਧਾਰਤ ਸਿੱਖਸ ਫਾਰ ਜਸਟਿਸ ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਜਿਸ ਝੰਡੇ ਨੂੰ ਸਾੜਿਆ ਗਿਆ, ਉਹ ਭਾਰਤ ਦਾ ਕੌਮੀ ਝੰਡਾ ਨਹੀਂ ਸੀ, ਪਰ ਉਸ ਨਾਲ ਰਲਦਾ-ਮਿਲਦਾ ਸੀ।


ਦਰਅਸਲ, 26 ਜਨਵਰੀ ਨੂੰ ਸਿੱਖਸ ਫਾਰ ਜਸਟਿਸ ਦੇ ਕੁਝ ਕਾਰਕੁੰਨ ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਸਾਹਮਣੇ ਇਕੱਤਰ ਹੁੰਦੇ ਹਨ। ਉਨ੍ਹਾਂ ਇੱਥੇ ਖ਼ਾਲਿਸਤਾਨ ਪੱਖੀ ਨਾਅਰੇ ਲਾਉਂਦਿਆਂ ਤਿੰਨ ਰੰਗੇ ਝੰਡੇ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਐਸਐਫਜੇ ਦੀ ਇਹ ਹਰਕਤ ਪਾਕਿਸਤਾਨੀ ਮੀਡੀਆ ਦੇ ਪੱਤਰਕਾਰਾਂ ਦੇ ਨਜ਼ਰੀਂ ਪੈ ਗਈ ਤੇ ਖ਼ਬਰ ਬਾਹਰ ਆਈ।


ਜਿਸ ਝੰਡੇ ਨੂੰ ਸਾੜਿਆ ਗਿਆ ਉਸ 'ਤੇ ਅੰਗ੍ਰੇਜ਼ੀ ਦਾ ਐਸ ਸ਼ਬਦ ਲਿਖਿਆ ਦਿਖਾਈ ਦੇ ਰਿਹਾ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਭਾਰਤ ਦਾ ਕੌਮੀ ਝੰਡਾ ਨਹੀਂ ਬਲਕਿ ਮੇਲ ਖਾਂਦਾ ਤਿੰਨ ਰੰਗਾ ਝੰਡਾ ਸੀ। ਐਸਐਫਜੇ ਕਾਰਕੁੰਨਾਂ ਦੀ ਇਸ ਹਰਕਤ ਕਾਰਨ ਉਨ੍ਹਾਂ ਦੇ ਸਾਹਮਣੇ ਭਾਰਤੀ ਮੂਲ ਦੇ ਅਮਰੀਕੀ ਤਿਰੰਗੇ ਝੰਡੇ ਚੁੱਕ ਕੇ ਖੜ੍ਹ ਗਏ ਤੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਣ ਲੱਗੇ।

ਸਥਾਨਕ ਸਿੱਖ ਲੀਡਰ ਜੱਸੀ ਸਿੰਘ, ਕਮਲਜੀਤ ਸਿੰਘ ਸੋਨੀ ਤੇ ਪੁਨੀਤ ਆਹਲੂਵਾਲੀਆ ਨੇ ਐਸਐਫਜੇ ਦੀ ਇਸ ਹਰਕਤ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦਾ ਝੰਡਾ ਸਾੜਨ ਨਾਲ ਉਨ੍ਹਾਂ ਪੂਰੀ ਸਿੱਖ ਭਾਈਚਾਰੇ ਦੀ ਬਦਨਾਮੀ ਕੀਤੀ ਹੈ। ਆਹਲੂਵਾਲੀਆ ਨੇ ਕਿਹਾ ਕਿ ਉਹ ਫਿਕਰਮੰਦ ਹਨ ਕਿ ਇਸ ਘਟਨਾ ਕਰਕੇ ਸਿੱਖਾਂ ਨੂੰ ਅਮਰੀਕੀ ਤੇ ਪੂਰੀ ਦੁਨੀਆ ਕਿਸ ਨਜ਼ਰੀਏ ਤੋਂ ਦੇਖੇਗੀ।