ਨਵੀਂ ਦਿੱਲੀ: ਹੁਣ ਬਾਬਾ ਰਾਮਦੇਵ ਵੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਲਵਾਉਣਗੇ। ਬਾਬਾ ਰਾਮਦੇਵ ਨੇ ਸਭ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਵੀ ਛੇਤੀ ਹੀ ਵੈਕਸੀਨ ਲਵਾਉਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਯੋਗ ਕੋਰੋਨਾ ਕਰਕੇ ਹੋਣ ਵਾਲੀਆਂ ਗੁੰਝਲਾਂ ਤੋਂ ਬਚਾਉਂਦਾ ਹੈ। ਯੋਗ ਤੇ ਆਯੁਰਵੇਦ ਦਾ ਅਭਿਆਸ ਕਰੋ।


ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ 21 ਜੂਨ ਤੋਂ ਦੇਸ਼ ਦੇ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਵੈਕਸੀਨ ਮੁਫ਼ਤ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਬਾਬਾ ਨੇ ਕਿਹਾ ਕਿ ਦਵਾਈ ਹੀ ਨਹੀਂ, ਟੈਸਟ ਤੇ ਆਪਰੇਸ਼ਨ ਮਾਫ਼ੀਆ ਵੀ ਹਨ, ਜੋ ਮਰੀਜ਼ਾਂ ਨੂੰ ਲੁੱਟ ਰਹੇ ਹਨ।


ਸਵਾਮੀ ਰਾਮਦੇਵ ਨੇ ਕਿਹਾ ਸੀ ਕਿ ਉਨ੍ਹਾਂ ਦੀ ਲੜਾਈ ਗ਼ਲਤ ਕੰਮ ਕਰਨ ਵਾਲਿਆਂ ਵਿਰੁੱਧ ਹੈ। ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਫ਼ੇਸਬੁੱਕ ਤੇ ਟਵਿਟਰ ਅਕਾਊਂਟ ਉੱਤੇ ਜੈਨਰਿਕ ਦਵਾਈਆਂ ਦੀ ਲਿਸਟ ਅਪਲੋਡ ਕਰਨਗੇ, ਜੋ ਸਿਰਫ਼ ਦੋ ਰੁਪਏ ’ਚ ਵਿਕਦੀਆਂ ਹਨ ਪਰ ਬ੍ਰਾਂਡੇਡ ਕੰਪਨੀਆਂ ਦੀਆਂ ਉਹੀ ਦਵਾਈਆਂ ਕਈ ਗੁਣਾ ਮਹਿੰਗੀਆਂ ਵਿਕਦੀਆਂ ਹਨ।


ਡਾਕਟਰਾਂ ਦੇ ਹੁੰਦੇ ਵੱਡੇ ਕਮਿਸ਼ਨ


ਬਾਬਾ ਰਾਮਦੇਵ ਨੇ ਕਿਹਾ ਕਿ ਕੁਝ ਭੈੜੇ ਡਾਕਟਰ ਮਹਿੰਗੀਆਂ ਦਵਾਈਆਂ ਹੀ ਮਰੀਜ਼ਾਂ ਨੂੰ ਪਰਚੀਆਂ ਉੱਤੇ ਲਿਖ ਕੇ ਦਿੰਦੇ ਹਨ। ਸਵਾਮੀ ਰਾਮਦੇਵ ਨੇ ਦੋਸ਼ ਲਾਇਆਸੀ ਕਿ ਬ੍ਰਾਡੇਡ ਕੰਪਨੀਆਂ ਦੀਆਂ ਦਵਾਈਆਂ ਲਿਖਣ ਵਾਲੇ ਡਾਕਟਰ ਕਮਿਸ਼ਨ ਖਾਂਦੇ ਹਨ। ਜੈਨਰਿਕ ਦਵਾਈਆਂ ਨਾ ਲਿਖ ਕੇ ਉਸੇ ਸਾਲਟ ਦੀਆਂ ਮਹਿੰਗੀਆਂ ਦਵਾਈਆਂ ਲਿਖਦੇ ਹਨ। ਉਨ੍ਹਾਂ ਦੀ ਇਸ ਖੇਡ ਨੂੰ ਬੰਦ ਕਰਵਾਉਣ ਲਈ ਅਦਾਲਤ ਵੀ ਜਾਵਾਂਗਾ।


‘ਇੰਡੀਅਨ ਮੈਡੀਕਲ ਐਸੋਸੀਏਸ਼ਨ’ (IMA) ਨੇ ਬੁੱਧਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਭਾਰਤੀ ਮੈਡੀਕਲ ਖੋਜ ਕੌਂਸਲ (ICMR) ਨੂੰ ਚਿੱਠੀ ਲਿਖੀ ਸੀ। ਚਿੱਠੀ ਵਿੱਚ ਆਈਐੱਮਏ ਨੇ ਬਾਬਾ ਰਾਮਦੇਵ ਉੱਤੇ ਆਧੁਨਿਕ ਮੈਡੀਕਲ ਇਲਾਜ ਦਾ ਬਿਨਾ ਵਜ੍ਹਾ ਅਪਮਾਨ ਕਰਨ ਤੇ ਗ਼ਲਤ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਸੀ।


ਆਈਐਮਏ ਦੀ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਯੋਗ ਗੁਰੂ ਰਾਮਦੇਵ ਡਾਕਟਰਾਂ ਤੇ ਆਧੁਨਿਕ ਮੈਡੀਕਲ ਇਲਾਜ ਦਾ ਜਨਤਕ ਤੌਰ ’ਤੇ ਬਿਆਨਬਾਜ਼ੀਆਂ ਕਰ ਕੇ ਮਜ਼ਾਕ ਉਡਾ ਰਹੇ ਹਨ। ਆਈਸੀਐੱਮਆਰ ਵੱਲੋਂ ਤਿਆਰ ਕੀਤੇ ਜੀਵਨ ਰੱਖਿਅਕ ਪ੍ਰੋਟੋਕੋਲ ਦਾ ਵੀ ਮਜ਼ਾਕ ਉਡਾ ਰਹੇ ਹਨ। ਇੰਝ ਕੋਰੋਨਾਵਾਇਰਸ ਮਹਾਮਾਰੀ ਸਮੇਂ ਆਪਣੀਆਂ ਜਾਨਾਂ ਦਾਅ ’ਤੇ ਲਾਉਣ ਵਾਲੇ ਡਾਕਟਰਾਂ ਦਾ ਮਨੋਬਲ ਡਿੱਗਦਾ ਹੈ।