Baba Siddique Shot Dead in Mumbai: ਬੀਤੀ ਦਿਨੀਂ ਯਾਨੀਕਿ 12 ਅਕਤੂਬਰ ਨੂੰ ਮਹਾਰਾਸ਼ਟਰ 'ਚ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਜਦੋਂ ਦਿੱਗਜ ਨੇਤਾ ਅਤੇ ਐੱਨਸੀਪੀ ਅਜੀਤ ਪਵਾਰ ਧੜੇ ਨਾਲ ਜੁੜੇ ਬਾਬਾ ਸਿੱਦੀਕੀ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਤੋਂ ਬਾਅਦ ਚਾਰੇ ਪਾਸੇ ਹਾਹਾਕਾਰ ਮੱਚ ਗਈ। ਮੁੰਬਈ ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਜੁਟੀ ਹੋਈ ਹੈ ਅਤੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਕੰਮ ਲਈ ਬਾਬਾ ਸਿੱਦੀਕੀ ਦੇ ਸ਼ੂਟਰਾਂ ਇਸ ਕੰਮ ਦੇ ਲਈ ਪਹਿਲਾਂ ਹੀ ਪੇਸ਼ਗੀ ਦਿੱਤੀ ਜਾ ਚੁੱਕੀ ਸੀ। ਹਾਲਾਂਕਿ, ਇਹ ਭੁਗਤਾਨ ਕਿੰਨਾ ਹੋਇਆ ਇਸ ਬਾਰੇ ਅਜੇ ਜਾਣਕਾਰੀ ਉਪਲਬਧ ਨਹੀਂ ਹੈ।
ਇਸ ਦੇ ਨਾਲ ਹੀ ਸੂਤਰਾਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਗੋਲੀਬਾਰੀ ਕਰਨ ਵਾਲੇ ਕਈ ਦਿਨਾਂ ਤੋਂ ਬਾਬਾ ਸਿੱਦੀਕੀ (baba siddique) ਦੇ ਘਰ ਅਤੇ ਉਨ੍ਹਾਂ ਦੇ ਦਫ਼ਤਰ ਦੀ ਰੇਕੀ ਕਰ ਰਹੇ ਸਨ। ਕੁਝ ਦਿਨ ਪਹਿਲਾਂ, ਇੱਕ ਹਥਿਆਰ ਡੀਲਰ ਨੇ ਇੱਕ ਕੋਰੀਅਰ ਏਜੰਟ (ਇੱਕ ਡਿਲੀਵਰੀ ਮੈਨ) ਦੀ ਮਦਦ ਨਾਲ ਹਮਲਾਵਰਾਂ ਨੂੰ ਬੰਦੂਕ ਪਹੁੰਚਾ ਦਿੱਤੀ ਸੀ। ਇਸ ਬੰਦੂਕ ਲਈ ਪਹਿਲਾਂ ਹੀ ਪੈਸੇ ਦਿੱਤੇ ਜਾ ਚੁੱਕੇ ਸਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਾਂਗ ਇੱਥੇ ਵੀ ਬਾਬਾ ਸਿੱਦੀਕੀ ਦੇ ਕਤਲ ਦੇ ਲਈ ਵੀ ਇੱਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਸੀ।
ਸ਼ੂਟਰ ਮੁੰਬਈ ਦੇ ਕੁਰਲਾ ਇਲਾਕੇ 'ਚ ਰੁਕੇ ਸਨ
ਪੁਲਿਸ ਨੂੰ ਪੁੱਛਗਿੱਛ ਦੌਰਾਨ ਹੁਣ ਤੱਕ ਜੋ ਕੁਝ ਪਤਾ ਲੱਗਾ ਹੈ, ਉਸ ਮੁਤਾਬਕ ਬਾਬਾ ਸਿੱਦੀਕੀ 'ਤੇ ਹਮਲਾ ਕਰਨ ਵਾਲਾ ਦੋਸ਼ੀ ਡੇਢ ਮਹੀਨਾ ਪਹਿਲਾਂ ਹੀ ਮੁੰਬਈ ਆਏ ਸੀ ਅਤੇ ਸ਼ਹਿਰ ਦੇ ਕੁਰਲਾ ਇਲਾਕੇ 'ਚ ਠਹਿਰੇ ਸਨ। ਸ਼ੂਟਰਾਂ ਨੇ ਪਹਿਲਾਂ ਵੀ ਕਈ ਵਾਰ ਗੋਲੀਬਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਹੇ। ਦੁਸਹਿਰੇ ਦੇ ਤਿਉਹਾਰ 'ਤੇ ਮੌਕਾ ਮਿਲਦੇ ਹੀ ਸ਼ੂਟਰਾਂ ਨੇ ਗੋਲੀਆਂ ਚਲਾ ਦਿੱਤੀਆਂ।
ਦਿੱਲੀ ਪੁਲਿਸ ਵੀ ਮੁੰਬਈ ਪੁਲਿਸ ਦੇ ਸੰਪਰਕ ਵਿੱਚ ਹੈ
ਵਰਣਨਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਵੀ ਮੁੰਬਈ ਪੁਲਿਸ ਦੇ ਸੰਪਰਕ ਵਿਚ ਹੈ।
ਪੁਲਿਸ ਨੂੰ ਮੌਕੇ ਤੋਂ 6 ਗੋਲੀਆਂ ਮਿਲੀਆਂ ਹਨ
ਮੁੰਬਈ ਪੁਲਿਸ (Mumbai Police) ਨੇ ਬਾਬਾ ਸਿੱਦੀਕੀ ਗੋਲੀ ਕਾਂਡ ਵਾਲੀ ਥਾਂ ਤੋਂ ਗੋਲੀਆਂ ਦੇ 6 ਖੋਲ ਬਰਾਮਦ ਕੀਤੇ ਸਨ। ਬਾਬਾ ਸਿੱਦੀਕੀ ਨੂੰ ਤਿੰਨ ਗੋਲੀਆਂ ਲੱਗੀਆਂ ਜਦੋਂਕਿ ਇੱਕ ਗੋਲੀ ਨੇੜੇ ਖੜ੍ਹੇ ਵਿਅਕਤੀ ਦੀ ਲੱਤ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।