ਨਵੀਂ ਦਿੱਲੀ: ਬਾਬੇ ਦੇ ਢਾਬੇ ਦੇ ਬਹੁ ਚਰਚਿਤ ਬਜ਼ੁਰਗ ਕਾਂਤਾ ਪ੍ਰਸਾਦ ਨੇ ਅੱਜ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲ ਹੀ ਵਿੱਚ, ਉਸਨੇ ਯੂ-ਟਿਊਬਰ ਤੋਂ ਮੁਆਫੀ ਵੀ ਮੰਗੀ ਸੀ, ਜਿਸ ਨੇ ਪਹਿਲਾਂ ਲੌਕਡਾਊਨ ਦੌਰਾਨ ਬਾਬੇ ਦੀ ਵੀਡੀਓ ਬਣਾਈ ਸੀ ਤੇ ਉਹ ਰਾਤੋ-ਰਾਤ ਮਸ਼ਹੂਰ ਹੋ ਗਏ ਸਨ।
ਕਾਂਤਾ ਪ੍ਰਸਾਦ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਖੇਤਰ ਵਿੱਚ ਸੜਕ ਕੰਢੇ ਆਪਣਾ ਢਾਬਾ ਚਲਾਉਂਦੇ ਰਹੇ ਹਨ। ਪੁਲਿਸ ਅਨੁਸਾਰ ਵੀਰਵਾਰ ਰਾਤ ਨੂੰ ਪੀਸੀਆਰ ਨੂੰ ਫੋਨ ਆਇਆ ਕਿ ਕਿਸੇ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ 80 ਸਾਲਾ ਕਾਂਤਾ ਪ੍ਰਸਾਦ ਨੂੰ ਵੇਖਿਆ। ਕਾਂਤਾ ਦੀ ਪਤਨੀ ਬਦਾਮਾ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਿਚ ਸਨ।
ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ
ਨਿਊਜ਼ ਚੈਨਲ ਏਬੀਪੀ ਦੀ ਰਿਪੋਰਟ ਅਨੁਸਾਰ ਕਾਂਤਾ ਪ੍ਰਸਾਦ ਨੇ ਸਨਿੱਚਰਵਾਰ ਦੇਰ ਰਾਤ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਨੀਂਦ ਦੀਆਂ ਗੋਲੀਆਂ ਲਈਆਂ ਸਨ, ਜਿਸ ਨਾਲ ਉਸਦੀ ਸਿਹਤ ਵਿਗੜ ਗਈ ਸੀ। ਰਿਪੋਰਟ ਦੇ ਅਨੁਸਾਰ ਕਾਂਤਾ ਪ੍ਰਸਾਦ ਨੂੰ ਤੁਰੰਤ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਖੁਦਕੁਸ਼ੀ ਦੀ ਕੋਸ਼ਿਸ਼ ਦੇ ਨਜ਼ਰੀਏ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।
ਲੌਕਡਾਊਨ ਵਿੱਚ ਬੰਦ ਸੀ ਨਵਾਂ ਰੈਸਟੋਰੈਂਟ
ਕਾਂਤਾ ਪ੍ਰਸਾਦ ਸੋਸ਼ਲ ਮੀਡੀਆ 'ਤੇ ਇਕ ਵਾਇਰਲ ਵੀਡੀਓ ਦੇ ਜ਼ਰੀਏ ਦੇਸ਼ ਭਰ ਵਿਚ ਚਰਚਾ ਵਿਚ ਆਏ ਸਨ। ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਵਿੱਤੀ ਸਥਿਤੀ ਵਧੇਰੇ ਬਿਹਤਰ ਹੋ ਗਈ ਸੀ। ਕਾਂਤਾ ਪ੍ਰਸਾਦ ਨੇ ਲੋਕਾਂ ਤੋਂ ਪ੍ਰਾਪਤ ਹੋਏ ਪੈਸੇ ਨਾਲ ਇਕ ਨਵਾਂ ਰੈਸਟੋਰੈਂਟ ਖੋਲ੍ਹਿਆ ਸੀ। ਇਸ ਵਿੱਚ ਉਨ੍ਹਾਂ ਨੇ ਦੋ ਸ਼ੈੱਫ ਤੇ ਇੱਕ ਸਹਾਇਕ ਨੂੰ ਰੱਖਿਆ ਸੀ। ਲੌਕਡਾਊਨ ਵਿਚ ਰੈਸਟੋਰੈਂਟ ਨੂੰ ਤਾਲੇ ਲੱਗਣ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਸੀ ਜਿਸ ਤੋਂ ਬਾਅਦ ਉਨ੍ਹਾਂ ਇਸ ਨੂੰ ਬੰਦ ਕਰ ਦਿੱਤਾ।
ਬਾਬੇ ਦੇ ਬੇਟੇ ਨੇ ਦੱਸਿਆ ਸੀ ਕਿ ਰੈਸਟੋਰੈਂਟ ਵਿਚ ਖਰਚੇ ਦੇ ਮੁਕਾਬਲੇ ਕਮਾਈ ਬਹੁਤ ਘੱਟ ਹੋ ਰਹੀ ਸੀ। ਕਿਰਾਇਆ, ਕੰਮ ਕਰਨ ਵਾਲੇ ਮੁੰਡਿਆਂ ਦੀ ਤਨਖਾਹ, ਬਿਜਲੀ ਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨਾ ਪੈਂਦਾ ਸੀ। ਇਸ ਰੈਸਟੋਰੈਂਟ ਨੂੰ ਖੋਲ੍ਹਣ ਲਈ 1.5 ਲੱਖ ਰੁਪਏ ਤੋਂ ਵੱਧ ਦੀ ਰਕਮ ਲੱਗੀ ਸੀ। ਰੈਸਟੋਰੈਂਟ ਬੰਦ ਹੋਣ ਤੋਂ ਬਾਅਦ ਅਸੀਂ ਸਾਰਾ ਸਮਾਨ ਵੇਚ ਦਿੱਤਾ, ਜਿਸ ਤੋਂ ਸਾਨੂੰ 30 ਤੋਂ 40 ਹਜ਼ਾਰ ਰੁਪਏ ਮਿਲ ਗਏ। ਬਾਬੇ ਦੇ ਬੇਟੇ ਅਨੁਸਾਰ, ਜੇਕਰ ਰੈਸਟੋਰੈਂਟ ਵਿੱਚ ਮਹੀਨਾਵਾਰ ਖਰਚਾ 2 ਲੱਖ ਰੁਪਏ ਹੁੰਦਾ ਤਾਂ ਕਮਾਈ ਸਿਰਫ 15 ਹਜ਼ਾਰ ਰੁਪਏ ਹੁੰਦੀ ਸੀ।
ਰਾਤੋ-ਰਾਤ ਮਸ਼ਹੂਰ ਹੋਇਆ ਸੀ ਵੀਡੀਓ
ਪਿਛਲੇ ਸਾਲ, ਯੂਟਿਊਬਰ ਗੌਰਵ ਵਾਸਨ ਨੇ ਬਾਬੇ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਕਾਂਤਾ ਪ੍ਰਸਾਦ ਨੇ ਰੋਂਦਿਆਂ ਦੱਸਿਆ ਸੀ ਕਿ ਉ ਦੇ ਦੋ ਪੁੱਤਰ ਅਤੇ ਇੱਕ ਧੀ ਹੈ, ਪਰ ਕਿਸੇ ਨੇ ਮਦਦ ਨਹੀਂ ਕੀਤੀ। ਉਹ ਤੇ ਉਸ ਦੀ ਪਤਨੀ ਦਿਨ ਭਰ ਢਾਬੇ ਤੇ ਖਾਣਾ ਪਕਾਉਂਦੇ ਤੇ ਵੇਚਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇੰਨੀ ਵਾਇਰਲ ਹੋ ਗਈ ਕਿ ਬਾਬੇ ਦੀ ਕਿਸਮਤ ਰਾਤੋ-ਰਾਤ ਬਦਲ ਗਈ। ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਤੇ ਢਾਬੇ ਉੱਤੇ ਗਾਹਕਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਲੱਗ ਪਈਆਂ। ਲੋਕ ਉਨ੍ਹਾਂ ਨਾਲ ਫੋਟੋ ਖਿੱਚਣ ਲਈ ਉਤਸੁਕ ਹੋਣ ਲੱਗੇ।
ਯੂਟਿਊਬਰ ਨਾਲ ਹੋ ਗਿਆ ਸੀ ਝਗੜਾ
ਦਰਅਸਲ, ਵੀਡੀਓ ਬਣਾਉਣ ਵਾਲੇ ਯੂ-ਟਿਊਬਰ ਗੌਰਵ ਵਾਸਨ ਨਾਲ ਬਾਬੇ ਦਾ ਝਗੜਾ ਹੋ ਗਿਆ ਸੀ। ਬਾਅਦ ਵਿਚ ਬਾਬੇ ਨੇ ਗੌਰਵ ਖਿਲਾਫ ਧੋਖਾਧੜੀ ਦਾ ਕੇਸ ਦਾਇਰ ਕਰ ਦਿੱਤਾ। ਸਿਰਫ ਇਹ ਹੀ ਨਹੀਂ, ਬਾਬਾ ਕਾਂਤਾ ਪ੍ਰਸਾਦ ਨੇ ਦੋਸ਼ ਲਾਇਆ ਕਿ ਗੌਰਵ ਨੇ ਉਨ੍ਹਾਂ ਦੇ ਨਾਮ 'ਤੇ ਲੋਕਾਂ ਤੋਂ ਵੱਡੀ ਰਕਮ ਇਕੱਠੀ ਕੀਤੀ ਸੀ, ਪਰ ਉਸ ਨੂੰ ਸਿਰਫ ਥੋੜਾ ਜਿਹਾ ਹਿੱਸਾ ਦਿੱਤਾ ਸੀ ਪਰ ਬਾਅਦ ਵਿੱਚ ਬਾਬੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਬੀਤੇ ਦਿਨੀਂ ਉਨ੍ਹਾਂ ਵਾਸਨ ਤੋਂ ਮੁਆਫੀ ਮੰਗੀ ਸੀ। ਫਿਲਹਾਲ, ਰੈਸਟੋਰੈਂਟ ਬੰਦ ਕਰਨ ਤੋਂ ਬਾਅਦ ਕਾਂਤਾ ਪ੍ਰਸਾਦ ਇਕ ਵਾਰ ਫਿਰ ਉਸੇ ਜਗ੍ਹਾ ਪੁੱਜ ਗਏ ਹਨ, ਜਿਥੇ ਉਹ ਪਹਿਲਾਂ ਢਾਬਾ ਚਲਾਉਂਦੇ ਸਨ।