ਬਹਾਦਰਗੜ੍ਹ: ਦਿੱਲੀ ਨਾਲ ਲੱਗਦੇ ਬਹਾਦਰਗੜ੍ਹ 'ਚ ਬਾਇਲਰ ਫਟਣ ਕਾਰਨ ਪੰਜ ਫੈਕਟਰੀਆਂ ਢਹਿ ਹੋ ਗਈਆਂ। ਇਸ ਹਾਦਸੇ 'ਚ ਦੋ ਲੋਕਾਂ ਦੇ ਮਰਨ ਤੇ 15 ਦੇ ਕਰੀਬ ਜ਼ਖਮੀ ਹੋਣ ਦੀ ਖਬਰ ਆਈ ਹੈ।

ਵਿਸਫੋਟ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ। ਵਿਸਫੋਟ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਸ ਦੇ ਨਾਲ ਹੀ ਲੋਕਾਂ ਵਿੱਚ ਚੀਕ-ਚਿਹਾੜਾ ਪੈ ਗਿਆ। ਘਟਨਾ ਵਾਲੀ ਥਾਂ 'ਤੇ ਰਾਹਤ ਤੇ ਬਚਾਅ ਦਾ ਕੰਮ ਚੱਲ ਰਿਹਾ ਹੈ। ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਐਨਡੀਆਰਐਫ ਦੀ 40 ਮੈਂਬਰੀ ਟੀਮ ਨੂੰ ਗਾਜ਼ੀਆਬਾਦ ਤੋਂ ਬੁਲਾਇਆ ਗਿਆ ਹੈ।

ਦਰਅਸਲ, ਬਹਾਦਰਗੜ੍ਹ ਵਿੱਚ ਇੱਕ ਬੂਟਾਂ ਦੀ ਫੈਕਟਰੀ ਦਾ ਬਾਇਲਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਦੇ ਵਿਸਫੋਟ ਤੋਂ ਬਾਅਦ ਚਾਰ ਹੋਰ ਫੈਕਟਰੀਆਂ ਢਹਿ ਗਈਆਂ। ਇਸ ਹਾਦਸੇ ਵਿੱਚ ਤਕਰੀਬਨ 15 ਲੋਕ ਜ਼ਖਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਇੱਕ ਔਰਤ ਨੂੰ ਬਾਹਰ ਕੱਢਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਜ਼ਖਮੀਆਂ ਵਿੱਚ ਫਾਇਰਮੈਨ ਵੀ ਸ਼ਾਮਲ ਹਨ। ਜਿਸ ਫੈਕਟਰੀ ਵਿੱਚ ਇਹ ਹਾਦਸਾ ਹੋਇਆ ਸੀ ਉਹ ਤਿੰਨ ਮੰਜ਼ਲਾ ਸੀ। ਘਟਨਾ ਦੇ ਸਮੇਂ ਵੱਡੀ ਗਿਣਤੀ ਵਿੱਚ ਮਜ਼ਦੂਰ ਮੌਜੂਦ ਸਨ।