ਬਰੇਲੀ: ਯੂਪੀ ਦੇ ਬਰੇਲੀ ਵਿੱਚ ਪੰਚਾਇਤ ਨੇ ਇੱਕ ਮਹਿਲਾ ਦੀ ਜ਼ਿੰਦਗੀ ਦੋ ਪਤੀਆਂ ਵਿਚਾਲੇ ਵੰਡ ਦਿੱਤੀ। ਮਹਿਲਾ ਦੇ ਪਹਿਲੇ ਪਤੀ ਨੇ ਉਸ ਦਾ ਸਾਢੇ ਚਾਰ ਸਾਲਾਂ ਦਾ ਬੇਟਾ ਖੋਹ ਲਿਆ ਸੀ। ਜਦੋਂ ਉਸ ਨੂੰ ਪੁਲਿਸ ਕੋਲੋਂ ਇਨਸਾਫ ਨਹੀਂ ਮਿਲਿਆ ਤਾਂ ਹੁਣ ਉਸਨੇ ਸਮਾਜਸੇਵੀ ਨਿਦਾ ਖਾਨ ਕੋਲ ਮਦਦ ਦੀ ਗੁਹਾਰ ਲਾਈ ਹੈ। ਅਰਸ਼ੀ ਨਾਂ ਦੀ ਮਹਿਲਾ ਦਾ ਇਲਜ਼ਾਮ ਹੈ ਕਿ ਉਸ ਦੇ ਪਹਿਲੇ ਪਤੀ ਨੇ ਉਸ ਨੂੰ ਆਪਣੇ ਘਰ ਵਿੱਚ 5 ਦਿਨਾਂ ਤਕ ਬੰਦੀ ਬਣਾ ਕੇ ਰੱਖਿਆ। ਕਿਸੇ ਤਰ੍ਹਾਂ ਉਸਨੇ 100 ਨੰਬਰ ਲਾ ਕੇ ਫੋਨ ਕੀਤਾ ਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਜਿਸ ਪਿੱਛੋਂ ਪੁਲਿਸ ਨੇ ਉਸਨੂੰ ਪਹਿਲੇ ਪਤੀ ਕੋਲੋਂ ਛੁਡਵਾਇਆ।

ਇਸ ਦੇ ਬਾਅਦ ਅਰਸ਼ੀ ਦੇ ਪੇਕੇ ਪਰਿਵਾਰ ਨੇ ਉਸ ਦੇ ਪਹਿਲੇ ਪਤੀ ਨੂੰ ਸਮਝਾਇਆ ਤੇ ਦੁਬਾਰਾ ਅਰਸ਼ੀ ਨੂੰ ਸਹੁਰੇ ਘਰ ਤੋਰਿਆ। 2012 ਵਿੱਚ ਉਸਦਾ ਲਈਕ ਨਾਲ ਵਿਆਹ ਹੋਇਆ ਸੀ ਪਰ ਦਾਜ ਘੱਟ ਦੇਣ ਕਾਰਨ 2015 ਵਿੱਚ ਲਈਕ ਨੇ ਉਸ ਨੂੰ ਤਲਾਕ ਦੇ ਕੇ ਘਰੋਂ ਕੱਢ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਇੱਕ ਸਾਲ ਵਿੱਚ ਕਰੀਬ 10-12 ਵਾਰ ਪੰਚਾਇਤ ਲੱਗ ਚੁੱਕੀ ਹੈ। ਗਰਭ ਅਵਸਥਾ ਦੌਰਾਨ ਵੀ ਉਸਦੀ ਕੁੱਟਮਾਰ ਕੀਤੀ ਗਈ ਸੀ।

ਵਿਆਹ ਦੇ ਚੌਥੇ ਸਾਲ ਵਿੱਚ ਲਈਕ ਦੇ ਤਲਾਕ ਦੇਣ ਪਿੱਛੋਂ ਉਹ ਆਪਣੇ ਪੁੱਤਰ ਨੂੰ ਨਾਲ ਲੈ ਦੋ ਸਾਲਾਂ ਤਕ ਭਟਕਦੀ ਰਹੀ ਤੇ ਆਖਰ ਬਰੇਲੀ ਵਿੱਚ ਦੂਜਾ ਵਿਆਹ ਕਰਵਾ ਲਿਆ। ਪਰ ਪਿਛਲੇ ਸਾਲ ਪਹਿਲੇ ਪਤੀ ਲਈਕ ਨੇ ਉਸ ਕੋਲੋਂ ਆਪਣਾ ਮੁੰਡਾ ਖੋਹ ਲਿਆ। ਹੁਣ ਸਮਝੌਤੇ ਦੀ ਗੱਲ ਹੋਈ ਤਾਂ ਪੰਚਾਇਤ ਨੇ ਉਸ ਨੂੰ 15-15 ਦਿਨ ਦੋਵਾਂ ਪਤੀਆਂ ਨਾਲ ਰਹਿਣ ਦਾ ਸੁਝਾਅ ਦੇ ਦਿੱਤਾ। ਇਸ ਪਿੱਛੋਂ ਹੁਣ ਉਸਨੇ ਇਨਸਾਫ ਲਈ ਆਲਾ ਹਜਰਤ ਹੈਲਪਿੰਗ ਸੁਸਾਇਟੀ ਦੀ ਪ੍ਰਧਾਨ ਨਿਦਾ ਖਾਨ ਕੋਲ ਪਹੁੰਚ ਕੀਤੀ ਹੈ।

ਇਸ ਸਬੰਧੀ ਨਿਦਾ ਖਾਨ ਨੇ ਕਿਹਾ ਹੈ ਕਿ ਬੱਚਾ ਛੋਟਾ ਹੈ, ਇਸ ਲਈ ਉਸਨੂੰ ਮਾਂ ਦੀ ਵੱਧ ਜ਼ਰੂਰਤ ਹੈ, ਸੋ ਬੱਚਾ ਮਾਂ ਨੂੰ ਹੀ ਮਿਲਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਬ ਅਰਸ਼ੀ ਨੂੰ ਨਿਆਂ ਜ਼ਰੂਰ ਦਿਵਾਉਣਗੇ।