ਜੋਧਪੁਰ: ਪੋਖਰਣ ਫੀਲਡ ਫਾਇਰਿੰਗ ਰੇਂਜ ‘ਚ ਬੁੱਧਵਾਰ ਸ਼ਾਮ ਭਾਰਤੀ ਸੈਨਾ ਦੇ ਜੰਗੀ ਅਭਿਆਸ ਦੌਰਾਨ ਸਭ ਤੋਂ ਤਾਕਤਵਰ ਮੰਨੇ ਜਾਂਦੇ ਟੀ-90 ਟੈਂਕ ਭੀਸ਼ਣ ਦਾ ਬੈਰਲ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਖੁਸ਼ਕਿਸਮਤੀ ਹੈ ਕਿ ਇਸ ਦੌਰਾਨ ਕੋਈ ਜਵਾਨ ਉਸ ਦੇ ਨੇੜੇ ਨਹੀਂ ਸੀ। ਅਜਿਹੇ ‘ਚ ਵੱਡਾ ਹਾਦਸਾ ਟਲ ਗਿਆ। ਇਹ ਪਹਿਲਾ ਮਾਮਲਾ ਹੈ ਜਦੋਂ ਸਭ ਤੋਂ ਬਿਹਤਰ ਮੰਨੇ ਜਾਂਦੇ ਟੈਂਕ ਦਾ ਬੈਰਲ ਫਟ ਗਿਆ। ਸੈਨਾ ਨੇ ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਦੀ ਵਿਸ਼ੇਸ਼ ਸ਼ੁਰੂ ਕਰਵਾ ਦਿੱਤੀ ਹੈ।


ਸੈਨਾ ਸੂਤਰਾਂ ਮੁਤਾਬਕ, ਭਾਰਤੀ ਫੌਜ ਦੀ ਇੱਕ ਟੁਕੜੀ ਟੀ-90 ਦੀ ਫਾਇਰਿੰਗ ਦਾ ਅਭਿਆਸ ਕਰ ਰਹੀ ਸੀ। ਟੀ-90 ਟੈਂਕ ਵੱਲੋਂ ਟਾਰਗੇਟ ‘ਤੇ ਨਿਸ਼ਾਨਾ ਸਾਧਿਆ ਜਾ ਰਿਹਾ ਸੀ। ਇਸ ਦੌਰਾਨ ਬੁੱਧਵਾਰ ਨੂੰ ਇੱਕ ਟੀ-90 ਤੋਂ ਫਾਇਰਿੰਗ ਦੌਰਾਨ ਗੋਲਾ ਟੈਂਕ ਦੇ ਬੈਰਲ ‘ਚ ਹੀ ਫਟ ਗਿਆ। ਬੈਰਲ ਫਟਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹੁਣ ਸੈਨਾ ਮਾਹਿਰ ਇਸ ਦੀ ਜਾਂਚ ਕਰ ਰਹੇ ਹਨ ਕਿ ਗੜਬੜੀ ਕਿੱਥੇ ਹੋਈ ਹੈ।

ਸੂਤਰਾਂ ਮੁਤਾਬਕ ਇਹ ਵੀ ਮੁਮਕਿਨ ਹੈ ਕਿ ਇਸ ਟੈਂਕ ‘ਚ ਨਹੀਂ ਸਗੋਂ ਖ਼ਰਾਬੀ ਗੋਲੇ ‘ਚ ਹੀ ਹੋਵੇ। ਭਾਰਤੀ ਸੈਨਾ ਸਾਲਾਂ ਤੋਂ ਟੀ-90 ਟੈਂਕ ਦਾ ਇਸਤੇਮਾਲ ਕਰਦੀ ਆ ਰਹੀ ਹੈ। ਪਹਿਲਾਂ ਕਦੇ ਅਜਿਹਾ ਹਾਦਸਾ ਨਹੀਂ ਹੋਇਆ। ਸਗੋਂ ਬੋਫਰਸ ਜਿਹੀਆਂ ਤੋਪਾਂ ‘ਚ ਅਜਿਹੇ ਹਾਦਸੇ ਹੋ ਚੁੱਕੇ ਹਨ ਜਿਨ੍ਹਾਂ ਦੀ ਜਾਂਚ ਤੋਂ ਬਾਅਦ ਗੜਬੜੀ ਗੋਲਿਆਂ ‘ਚ ਹੀ ਮਿਲੀ।

ਭਾਰਤੀ ਸੈਨਾ ਕੋਲ ਇਸ ਸਮੇਂ 1070 ਟੀ-90 ਟੈਂਕ ਹਨ। ਭਾਰਤੀ ਸੈਨਾ ‘ਚ ਇਸ ਨੂੰ ਭੀਸ਼ਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਚਾਰ ਮਹੀਨੇ ਪਹਿਲਾਂ ਹੀ 13,500 ਕਰੋੜ ਰੁਪਏ ‘ਚ 464 ਨਵੇਂ ਟੀ-90 ਟੈਂਕ ਖਰੀਦਣ ਦਾ ਸੌਦਾ ਕੀਤਾ ਹੈ ਜਿਨ੍ਹਾਂ ਦਾ ਨਿਰਮਾਣ ਰੂਸ ‘ਚ ਕੀਤਾ ਜਾਂਦਾ ਹੈ।