ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ (Cabinet) ਦੀ ਅੱਜ ਬੈਠਕ ਹੋਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਇਨ੍ਹਾਂ ਵਿੱਚ ਮੈਡੀਕਲ ਖੇਤਰ 'ਚ ਸੁਧਾਰ, ਐਫਡੀਆਈ ਤੇ ਗੰਨਾ ਕਿਸਾਨਾਂ ਬਾਰੇ ਫੈਸਲੇ ਸ਼ਾਮਲ ਹਨ।


ਮੈਡੀਕਲ ਕਾਲਜ

ਬੈਠਕ ਉਪਰੰਤ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੇਸ਼ ਵਿੱਚ 75 ਮੈਡੀਕਲ ਕਾਲਜ ਹੋਰ ਖੋਲ੍ਹੇ ਜਾਣਗੇ। ਇਨ੍ਹਾਂ ਨਾਲ ਦੇਸ਼ ਵਿੱਚ ਐਮਬੀਬੀਐਸ ਦੀਆਂ 15,700 ਸੀਟਾਂ ਵੱਧ ਜਾਣਗੀਆਂ। ਇਸ 'ਤੇ 24,300 ਕਰੋੜ ਰੁਪਏ ਦੀ ਲਾਗਤ ਆਵੇਗੀ।


ਗੰਨਾ ਕਿਸਾਨ

ਕੇਂਦਰੀ ਮੰਤਰੀ ਮੰਡਲ ਨੇ 60 ਲੱਖ ਟਨ ਚੀਨੀ ਦੇ ਬਰਾਮਦ ਭਾਵ ਐਕਸਪੋਰਟ ਕਰਨ 'ਤੇ 6,268 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਸਤਾਵ ਪ੍ਰਵਾਨ ਕੀਤਾ ਹੈ। ਦੇਸ਼ ਵਿੱਚ 162 ਲੱਖ ਟਨ ਖੰਡ ਦਾ ਸਟਾਕ ਹੈ, ਜਿਸ ਵਿੱਚ 40 ਲੱਖ ਟਨ ਬਫਰ ਸਟਾਕ ਹੈ ਅਤੇ ਬਾਕੀ 60 ਲੱਖ ਟਨ ਖੰਡ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਸਬਸਿਡੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਆਵੇਗਾ।


ਐਫਡੀਆਈ

ਮੋਦੀ ਕੈਬਨਿਟ ਨੇ ਐਫਡੀਆਈ ਬਾਰੇ ਵੀ ਕਈ ਫੈਸਲੇ ਲਏ। ਕੇਂਦਰੀ ਮੰਤਰੀ ਮੰਡਲ ਨੇ ਪ੍ਰਚੂਨ ਕਾਰੋਬਾਰ ਤਹਿਤ ਆਨਲਾਈਨ ਵਿਕਰੀ ਦੀ ਪ੍ਰਵਾਨਗੀ ਦੇ ਦਿੱਤੀ। ਇਹ ਪ੍ਰਵਾਨਗੀ ਸਿਰਫ ਇੱਕ ਬਰਾਂਡ ਤਹਿਤ ਪ੍ਰਚੂਨ ਕਾਰੋਬਾਰ ਕਰਨ ਵਾਲਿਆਂ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਰੋਬਾਰੀ ਨੂੰ ਪਹਿਲਾ ਸਟੋਰ ਖੋਲ੍ਹਣਾ ਲਾਜ਼ਮੀ ਹੋਣ ਤੋਂ ਛੋਟ ਮਿਲੀ ਹੈ। ਇਸ ਦੇ ਨਾਲ ਹੀ ਕੋਲਾ ਖਣਨ ਅਤੇ ਸਬੰਧਤ ਬੁਨਿਆਦੀ ਢਾਂਚੇ ਵਿੱਚ ਆਟੋਮੇਟਿਡ ਰੂਟ ਨਾਲ 100 ਫ਼ੀਸਦ ਐਫਡੀਆਈ ਦੀ ਪ੍ਰਵਾਨਗੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਡਿਜੀਟਲ ਮੀਡੀਆ ਵਿੱਛ 26% ਐਫਡੀਆਈ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।