ਫ਼ਿਰੋਜ਼ਪੁਰ: ਪੰਜਾਬ ਵਿੱਚ ਕਹਿਰ ਮਚਾ ਰਹੇ ਪਾਣੀ ਤੋਂ ਬਚਾਅ ਲਈ ਸਰਕਾਰ ਤੇ ਪ੍ਰਸ਼ਾਸਨ ਯੋਗ ਕਦਮ ਨਹੀਂ ਪੁੱਟ ਰਹੇ। ਜੀ ਹਾਂ, ਇਹ ਦੋਸ਼ ਲਾਉਂਦਿਆਂ ਫ਼ਿਰੋਜ਼ਪੁਰ ਦੇ ਦਰਿਆਈ ਪੱਟੀ ਦੇ ਵਸਨੀਕਾਂ ਨੇ ਜਿੱਥੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਦਿਆਂ ਉਨ੍ਹਾਂ ਦੀ ਸਾਰ ਨਾ ਲੈਣ ਦੀ ਪੁਸ਼ਟੀ ਕੀਤੀ, ਉੱਥੇ ਦਰਿਆ ਦੇ ਪੁਲ ਪਿੰਡ ਟੇਂਡੀ ਵਾਲਾ ਵਿੱਚ ਆ ਰਹੀ ਤਰੇੜ ਨੂੰ ਆਪਣੇ ਪੱਧਰ `ਤੇ ਬੰਨ੍ਹਣ ਦਾ ਦਾਅਵਾ ਕੀਤਾ।
ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਭੜਕਦੇ ਹੋਏ ਕਿਹਾ ਕਿ ਉਹ ਆਪਣੇ ਬਚਾਅ ਲਈ ਨਹਿਰ ਦੇ ਪੁਲ ਦੀਆਂ ਤਰੇੜਾਂ ਨੂੰ ਬੋਰੀਆਂ ਨਾਲ ਪੂਰ ਰਹੇ ਹਨ, ਪਰ ਰਿਸਦਾ ਪਾਣੀ ਜਿੱਥੋਂ ਉਨ੍ਹਾਂ ਦੇ ਖੇਤਾਂ ਵਿੱਚ ਵੜ ਕੇ ਫਸਲਾਂ ਦਾ ਨੁਕਸਾਨ ਕਰ ਰਿਹਾ, ਉੱਥੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਲਈ ਕਦੇ ਵੀ ਵੱਡੀ ਮੁਸੀਬਤ ਬਣ ਸਕਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਕਾਂਗਰਸੀ ਨੇਤਾ ਆਉਂਦੇ ਹਨ, ਫੋਟੋਆਂ ਕਰਵਾ ਕੇ ਤੁਰ ਜਾਂਦੇ ਹਨ, ਪਰ ਉਨ੍ਹਾਂ ਦੀ ਸਾਰ ਕੋਈ ਨਹੀਂ ਲੈ ਰਿਹਾ। ਇਸ ਲਈ ਹੁਣ ਉਹ ਆਪਣੇ ਬਚਾਓ ਲਈ ਆਪਣੇ ਪੱਧਰ `ਤੇ ਯਤਨ ਕਰ ਰਹੇ ਹਨ। ਪਾਣੀ ਦੇ ਕਹਿਰ `ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਮਿਸ਼ਨਰ ਫ਼ਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਸਥਿਤੀ ਕੰਟਰੋਲ ਅਧੀਨ ਹੈ ਤੇ ਜਲਦ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ।
ਹੜ੍ਹਾਂ ਨੂੰ ਰੋਕਣ 'ਚ ਸਰਕਾਰ ਅਸਫਲ, ਲੋਕਾਂ ਨੇ ਖੁਦ ਹੀ ਸੰਭਾਲੀ ਕਮਾਨ
ਏਬੀਪੀ ਸਾਂਝਾ Updated at: 26 Aug 2019 04:00 PM (IST)