ਨਵੀਂ ਦਿੱਲੀ: ਸੁਸਤ ਅਰਥਚਾਰੇ ਨੂੰ ਮੁੜ ਤੋਂ ਲੀਹ 'ਤੇ ਲਿਆਉਣ ਹੁਣ ਦਿਹਾਤੀ ਅਰਥਚਾਰੇ 'ਤੇ ਸਾਰਿਆਂ ਦੀ ਨਿਗ੍ਹਾ ਟਿਕੀ ਹੋਈ ਹੈ। ਅਰਥਚਾਰੇ ਨੂੰ ਸੁਸਤੀ 'ਚੋਂ ਕੱਢਣ ਲਈ ਪੇਂਡੂ ਬਾਜ਼ਾਰ ਦੀ ਮੰਗ ਨੂੰ ਵੀ ਮੁੜ ਸੁਰਜੀਤ ਕਰਨਾ ਹੋਵੇਗਾ।


ਪਰ ਮੰਗ ਦੇ ਮਾਮਲੇ ਵਿੱਚ ਸ਼ਹਿਰੀ ਬਾਜ਼ਾਰ ਤੋਂ ਦੋ ਕਦਮ ਅੱਗੇ ਰਹਿਣ ਵਾਲੇ ਪੇਂਡੂ ਬਾਜ਼ਾਰ ਦਾ ਭਵਿੱਖ ਵੀ ਮਾਨਸੂਨ ਤੇ ਕਿਸਾਨਾਂ ਨੂੰ ਮਿਲਣ ਵਾਲੀ ਉਨ੍ਹਾਂ ਦੀਆਂ ਫ਼ਸਲਾਂ ਦੀ ਪੈਦਾਵਾਰ ਦੀ ਕੀਮਤ 'ਤੇ ਨਿਰਭਰ ਕਰੇਗਾ।

ਘਰੇਲੂ ਰੇਟਿੰਗ ਏਜੰਸੀ ਕ੍ਰਿਸਲ ਦੇ ਅਧਿਐਨ ਮੁਤਾਬਕ ਬੀਤੇ ਦੋ ਸਾਲ ਤੋਂ ਲਗਾਤਾਰ ਮਾਨਸੂਨ ਆਮ ਨਾਲੋਂ ਘੱਟ ਰਹਿਣ ਕਾਰਨ ਦਿਹਾਤੀ ਅਰਥਚਾਰੇ ਨੂੰ ਕਾਫੀ ਝਟਕਾ ਲੱਗਾ ਹੈ। ਇਸ ਦੌਰਾਨ ਕਿਸਾਨਾਂ ਦੀ ਔਸਤ ਆਮਦਨ ਸਿਰਫ 65,000 ਰੁਪਏ ਸਾਲਾਨਾ ਰਹੀ। ਦੂਜੇ ਪਾਸੇ ਖੇਤੀ ਉਤਪਾਦਾਂ ਦੀਆਂ ਕੀਮਤਾਂ ਘੱਟ ਰਹਿਣ ਕਾਰਨ ਰੂਰਲ ਇਕਾਨੋਮੀ ਵਿੱਚ ਵੀ ਗਿਰਾਵਟ ਦਾ ਰੁਖ ਰਿਹਾ।

ਮਾਰਕੀਟਿੰਗ ਰਿਸਰਚ ਏਜੰਸੀ ਨੀਲਸਨ ਦਾ ਮੰਨਾ ਹੈ ਕਿ ਦਿਹਾਤੀ ਬਾਜ਼ਾਰ ਵਿੱਚ ਸੁਧਰਾ ਕਾਫੀ ਹੱਦ ਤਕ ਦੇਸ਼ ਵਿੱਚ ਮੀਂਹ ਪੈਣ 'ਤੇ ਹੀ ਨਿਰਭਰ ਕਰਦਾ ਹੈ। ਏਜੰਸੀ ਮੁਤਾਬਕ ਆਮ ਤੌਰ 'ਤੇ ਪੇਂਡੂ ਬਾਜ਼ਾਰ ਦਾ ਵਿਕਾਸ ਸ਼ਹਿਰੀ ਬਾਜ਼ਾਰ ਨਾਲੋਂ ਤਿੰਨ ਤੋਂ ਪੰਜ ਫ਼ੀਸਦ ਵੱਧ ਹੁੰਦਾ ਹੈ, ਪਰ ਹੁਣ ਇਹ ਸਿਰਫ ਦੋ ਫ਼ੀਸਦ ਹੈ।

ਅਪਰੈਲ ਤੋਂ ਜੂਨ ਦੀ ਤਿਮਾਹੀ ਵਿੱਚ ਦਿਹਾਤੀ ਬਾਜ਼ਾਰ ਦੀ ਗ੍ਰੋਥ 10.4 ਫ਼ੀਸਦ ਰਹਿ ਗਈ ਤੇ ਪਿਛਲੇ ਸਾਲ ਪਹਿਲੀ ਤਿਮਾਹੀ ਵਿੱਚ ਇਹ ਦਰ 12.7 ਫੀਸਦ ਸੀ। ਨੀਲਸਨ ਮੁਤਾਬਕ ਖ਼ਾਸ ਤੌਰ 'ਤੇ ਉੱਤਰ ਭਾਰਤ ਦੇ ਦਿਹਾਤੀ ਬਾਜ਼ਾਰ ਵਿੱਚ ਇਹ ਗਿਰਾਵਟ ਬਾਕੀ ਖੇਤਰਾਂ ਦੇ ਮੁਕਾਬਲੇ ਵੱਧ ਰਹੀ ਹੈ।

ਬੀਤੇ ਦਿਨੀਂ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੁਝ ਐਲਾਨ ਕੀਤੇ, ਜਿਸ ਤੋਂ ਬਾਅਦ ਸਨਅਤਕਾਰਾਂ ਨੇ ਉਮੀਦ ਜਤਾਈ ਹੈ ਕਿ ਬਾਜ਼ਾਰ ਵਿੱਚ ਤੇਜ਼ੀ ਆਵੇਗੀ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਚੇਅਰਮੈਨ ਆਰ.ਸੀ. ਭਾਰਗਵ ਦਾ ਮੰਨਣਾ ਹੈ ਕਿ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਨਾ ਸਿਰਫ ਆਟੋਮੋਬਾਈਲ ਬਲਕਿ ਸਾਰੇ ਖੇਤਰਾਂ ਵਿੱਚ ਜ਼ਬਰਦਸਤ ਉਛਾਲ ਆਵੇਗਾ। ਵਿੱਤ ਮੰਤਰੀ ਨੇ ਕਰਜ਼ੇ ਸਸਤੇ ਹੋਣ ਦਾ ਵੀ ਐਲਾਨ ਕੀਤਾ ਸੀ ਤੇ ਨਾਲ ਹੀ ਜਨਤਕ ਖੇਤਰਰ ਦੇ ਬੈਂਕਾਂ ਨੂੰ 70,000 ਕਰੋੜ ਰੁਪਏ ਦੇਣ ਦਾ ਐਲਾਨ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ।