ਗੁਰਦਾਸਪੁਰ: ਅਸਾਮ-ਮਿਆਂਮਾਰ ਸਰਹੱਦ ’ਤੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਬਟਾਲਾ ਦਾ 27 ਸਾਲਾ ਬੀਐੱਸਐੱਫ ਜਵਾਨ ਸ਼ਹੀਦ ਹੋ ਗਿਆ। ਸਿਮਰਦੀਪ ਦਾ ਆਉਂਦੀ 21 ਨਵੰਬਰ ਨੂੰ ਵਿਆਹ ਹੋਣਾ ਸੀ, ਪਰ ਸੋਮਵਾਰ ਨੂੰ ਸ਼ਹੀਦ ਦੀ ਲਾਸ਼ ਘਰ ਪਹੁੰਚੇਗੀ।
ਬਟਾਲਾ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ ਸਿਮਰਦੀਪ ਸਿੰਘ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੋ ਸਾਲ ਪਹਿਲਾਂ ਬੀਐੱਸਐੱਫ ਵਿੱਚ ਭਰਤੀ ਹੋਇਆ ਸੀ ਅਤੇ ਕਰੀਬ 3 ਮਹੀਨੇ ਪਹਿਲਾਂ ਹੀ ਟ੍ਰੇਨਿੰਗ ਪੂਰੀ ਹੋਣ ਮਗਰੋਂ ਉਸ ਨੂੰ ਅਸਾਮ-ਮਿਆਂਮਾਰ ਸਰਹੱਦ ’ਤੇ ਤਾਇਨਾਤ ਕੀਤਾ ਗਿਆ ਸੀ।
ਐਤਵਾਰ ਸਵੇਰੇ ਬੀਐੱਸਐੱਫ ਅਧਿਕਾਰੀਆਂ ਨੇ ਫ਼ੋਨ ’ਤੇ ਸੂਚਨਾ ਦਿੱਤੀ ਕਿ ਸਿਮਰਦੀਪ ਸਿੰਘ ਛਾਤੀ ’ਚ ਦੋ ਗੋਲੀਆਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਹੈ, ਪਰ ਸ਼ਾਮ 5 ਵਜੇ ਤਕ ਸਿਮਰਦੀਪ ਸਿੰਘ ਦੀ ਮੌਤ ਦੀ ਖ਼ਬਰ ਆ ਗਈ। ਸਿਮਰਦੀਪ ਆਪਣੇ ਪਿੱਛੇ ਮਾਪੇ ਤੇ ਦੋ ਛੋਟੇ ਭਰਾ ਛੱਡ ਗਿਆ ਹੈ।