ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਏਮਜ਼ ਦਾ ਦੌਰਾ ਕੀਤਾ ਤੇ ਉੱਥੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਏਮਜ਼ ਦੀ ਓਪੀਡੀ ਬਣ ਕੇ ਤਿਆਰ ਹੋ ਜਾਵੇਗੀ। ਇਸ ਦਾ ਉਦਘਾਟਨ ਕਰਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਪੁੱਜਣਗੇ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਸਿਮਰਤ ਨੇ ਕਿਹਾ ਕਿ 15 ਸਾਲ ਪਹਿਲਾਂ ਜੋ ਲੋਕਾਂ ਨੇ ਸੇਵਾ ਬਖਸ਼ੀ, ਉਸ ਸਮੇਂ ਬਠਿੰਡਾ ਕੀ ਹੁੰਦਾ ਸੀ ਤੇ ਅੱਜ ਕੀ ਹੈ? ਸਿਹਤ ਸਹੂਲਤਾਂ ਲਈ ਕੋਈ ਲੁਧਿਆਣੇ ਭੱਜਦਾ ਸੀ ਤੇ ਕੋਈ ਪੀਜੀਆਈ। ਹੁਣ ਇਹ ਸਾਰੀ ਸਹੂਲਤ ਬਠਿੰਡਾ ਵਿੱਚ ਮੌਜੂਦ ਹੈ। ਉਨ੍ਹਾਂ ਪੀਐਮ ਮੋਦੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਨੇ ਇਹ ਮੰਗ ਰੱਖੀ ਸੀ। ਇਸ ਦੇ ਨਾਲ ਹੀ ਉਨ੍ਹਾਂ ਜੇਤਲੀ ਦਾ ਨਾਂ ਲਿਆ ਜਿਨ੍ਹਾਂ ਇਸ ਨੂੰ ਬਜਟ 'ਚ ਪ੍ਰਵਾਨਗੀ ਦਿੱਤੀ।

ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਦਾ ਕੰਮ ਸਪੀਡ ਨਾਲ ਚੱਲ ਰਿਹਾ ਹੈ। ਪਹਿਲੀ ਸਤੰਬਰ ਤੋਂ ਇਸ ਵਿੱਚ ਓਪੀਡੀ ਵੀ ਸ਼ੁਰੂ ਹੋਵੇਗੀ। 25 ਅਗਸਤ ਨੂੰ ਇਹ ਸਾਰਾ ਹੈਂਡਓਵਰ ਕਰ ਦੇਣਗੇ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਤਾਰੀਖ਼ ਲੈ ਕੇ ਇਸ ਦਾ ਉਦਘਾਟਨ ਕੀਤਾ ਜਾਏਗਾ। ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਜੇ ਕੋਈ ਵੀ ਤਾਰੀਖ਼ ਮਿਲੇਗੀ ਤਾਂ ਪੀਐਮ ਮੋਦੀ ਨੂੰ ਉਦਘਾਟਨ ਲਈ ਬੁਲਾਇਆ ਜਾਵੇਗਾ।