Farmers Protest: ਕਾਂਗਰਸ ਨੇ ਹਰਿਆਣਾ 'ਚ ਕਿਸਾਨਾਂ 'ਤੇ ਲਾਠੀਚਾਰਜ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਇਸ ਨੇ 'ਜਨਰਲ ਡਾਇਰ' ਦੀ ਯਾਦ ਦਿਵਾ ਦਿੱਤੀ ਤੇ ਕਿਸਾਨਾਂ 'ਤੇ ਪਈ ਲਾਠੀ ਬੀਜੇਪੀ ਸਰਕਾਰ ਦੇ ਤਾਬੁਤ 'ਚ ਕਿੱਲ ਸਾਬਿਤ ਹੋਵੇਗੀ।


ਕਾਂਗਰਸੀ ਸੰਸਦ ਮੈਂਬਰ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਨੂੰ ਕਿਸਾਨ ਵਿਰੋਧੀ ਦੱਸਿਆ। ਉਨ੍ਹਾਂ ਇਕ ਜ਼ਖ਼ਮੀ ਕਿਸਾਨ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, 'ਫਿਰ ਖੂਨ ਵਹਾਇਆ ਹੈ ਕਿਸਾਨ ਕਾ, ਸ਼ਰਮ ਸੇ ਸਿਰ ਝੁਕਾਇਆ ਹਿੁੰਦੁਸਤਾਨ ਕਾ।'


 






ਕਾਂਗਰਸੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਫੇਸਬੁੱਕ ਪੋਸਟ 'ਚ ਕਿਹਾ, 'ਕਿਸਾਨ ਮਿਹਨਤ ਕਰਕੇ ਖੇਤਾਂ 'ਚ ਲਹਿਲਹਾਉਂਦੀ ਫਸਲ ਦਿੰਦੇ ਹਨ। ਬੀਜੇਪੀ ਸਰਕਾਰ ਉਨ੍ਹਾਂ ਨੂੰ ਆਪਣਾ ਹੱਕ ਮੰਗਣ 'ਤੇ ਡਾਂਗਾ ਨਾਲ ਲਹੂ ਲੁਹਾਣ ਕਰਦੀ ਹੈ। ਕਿਸਾਨਾਂ 'ਤੇ ਵਰ੍ਹੀ ਇਕ-ਇਕ ਡਾਂਗ ਬੀਜੇਪੀ ਸਰਕਾਰ ਦੇ ਤਾਬੁਤ ਚ ਕਿਲ ਸਾਬਿਤ ਹੋਵੇਗੀ।'


ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਕ ਬਿਆਨ 'ਚ ਇਲਜ਼ਾਮ ਲਾਇਆ 'ਅੱਜ ਬੀਜੇਪੀ-ਜੇਜੇਪੀ ਦੀ ਕਾਇਰ ਸਰਕਾਰ ਕਰਨਾਲ 'ਚ ਅੰਨਦਾਤਾ ਕਿਸਾਨ 'ਤੇ ਬੇਰਹਿਮੀ ਨਾਲ ਲਾਠੀਚਾਰਜ ਕਰਕੇ ਇਕ ਵਾਰ ਫਿਰ 'ਜਨਰਲ ਡਾਇਰ' ਦੀ ਯਾਦ ਦਿਵਾ ਦਿੱਤੀ। ਸ਼ਾਂਤੀਪੂਰਵਕ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਨੂੰ ਜਾਨਵਰਾਂ ਵਾਂਗ ਭਜਾ-ਭਜਾ ਕੇ ਕੁੱਟਿਆ। ਦਰਜਨਾਂ ਲਹੂ ਲੁਹਾਣ ਹੋ ਗਏ ਤੇ ਸੱਟਾਂ ਲੱਗੀਆਂ।'






ਉਨ੍ਹਾਂ ਨੇ ਦਾਅਵਾ ਕੀਤਾ ਕਿ ਇਕ ਵਾਰ ਫਿਰ ਸਾਬਿਤ ਹੋ ਗਿਆ ਕਿ ਅੰਨਦਾਤਾ ਕਿਸਾਨ ਦੇ ਅਸਲੀ ਦੁਸ਼ਮਨ ਹਨ- ਦੁਸ਼ਯੰਤ ਚੌਟਾਲਾ ਤੇ ਮਨੋਹਰ ਲਾਲ ਖੱਟਰ। ਬੀਜੇਪੀ-ਜੇਜਪੀ ਸਰਕਾਰ ਨੇ ਮਿਲਕੇ ਪਿਛਲੇ 9 ਮਹੀਨਿਆਂ ਤੋਂ ਕਿਸਾਨਾਂ ਦੇ ਹਿੱਸੇ ਲਾਠੀਚਾਰਜ, ਪਾਣੀ ਦੀਆਂ ਬੌਛਾੜਾਂ, ਅੱਥਰੂ ਗੈਸ ਦੇ ਗੋਲ਼ੇ ਲਿਖ ਦਿੱਤੇ ਹਨ।


ਸੁਰਜੇਵਾਲਾ ਨੇ ਹਰਿਆਣਾ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਨਿਸ਼ਾਨਾ ਸਾਧਦਿਆਂ ਕਿਹਾ, 'ਮਨੋਹਰ ਲਾਲ ਖੱਟਕ-ਦੁਸ਼ਯੰਤ ਚੌਟਾਲਾ ਨੇ ਅੱਜ ਕਿਸਾਨ ਨਹੀਂ ਸਾਡੇ ਭਗਵਾਨ ਨੂੰ ਕੁੱਟਿਆ ਹੈ। ਸਜ਼ਾ ਮਿਲੇਗੀ...ਸੜਕਾਂ 'ਤੇ ਵਹਿੰਦੇ ਤੇ ਕਿਸਾਨਾਂ ਦੇ ਸਰੀਰ ਤੋਂ ਨਿੱਕਲੇ ਖੂਨ ਨੂੰ ਆਉਣ ਵਾਲੀਆਂ ਤਮਾਮ ਨਸਲਾਂ ਯਾਦ ਰੱਖਣਗੀਆਂ। ਹੁਣ ਵੀ ਸਮਾਂ ਹੈ- ਜਾਂ ਤਾਂ ਕਿਸਾਨਾਂ ਨਾਲ ਖੜੇ ਹੋ ਜਾਓ ਨਹੀਂ ਤਾਂ ਗੱਦੀ ਛੱਡ ਦਿਉ।'


 


ਜ਼ਿਕਰਯੋਗ ਹੈ ਕਿ ਬੀਜੇਪੀ ਦੀ ਇਕ ਬੈਠਕ ਦਾ ਵਿਰੋਧ ਕਰਦਿਆਂ ਕਰਨਾਲ ਵੱਲ ਵਧ ਰਹੇ ਕਿਸਾਨਾਂ ਦੇ ਇਕ ਸਮੂਹ 'ਤੇ ਪੁਲਿਸ ਨੇ ਸ਼ਨੀਵਾਰ ਕਥਿਤ ਤੌਰ 'ਤੇ ਲਾਠੀਚਾਰਜ ਕੀਤਾ। ਜਿਸ 'ਚ ਕਰੀਬ 10 ਲੋਕ ਜ਼ਖ਼ਮੀ ਹੋ ਗਏ।


ਇਸ ਬੈਠਕ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸੂਬਾ ਮੁਖੀ ਓਮ ਪ੍ਰਕਾਸ਼ ਧਨਖੜ ਤੇ ਪਾਰਟੀ ਦੇ ਸੀਨੀਅਰ ਲੀਡਰ ਮੌਜੂਦ ਸਨ। ਕਿਸਾਨਾਂ ਖਿਲਾਫ ਕਾਰਵਾਈ ਲਈ ਸੂਬਾ ਪੁਲਿਸ ਦੀ ਆਲੋਚਨਾ ਕੀਤੀ ਗਈ ਤੇ ਵਿਰੋਧ 'ਚ ਕਈ ਥਾਵਾਂ 'ਤੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ।


ਪੁਲਿਸ ਦਾ ਬਿਆਨ


ਹਰਿਆਣਾ ਦੇ ਏਡੀਜੀਪੀ ਨਵਸਿੰਗ ਸਿੰਘ ਵਿਰਕ ਨੇ ਲਾਠੀਚਾਰਜ ਦੀ ਘਟਨਾ ਨੂੰ ਲੈਕੇ ਦਾਅਵਾ ਕੀਤਾ, ਕਰਨਾਲ 'ਚ ਬਸਤਾਰਾ ਟੋਲ ਪਲਾਜ਼ਾ ਕੋਲ 12 ਵਜੇ ਕੁਝ ਕਿਸਾਨ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤੀ ਨੈਸ਼ਨਲ ਹਾਈਵੇਅ ਨੂੰ ਜਾਮ ਕਰਕੇ ਕਰਨਾਲ ਸ਼ਹਿਰ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਬਲ 'ਤੇ ਪੱਥਰ ਸੁੱਟੇ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਨਿਯਮ ਮੁਤਾਬਕ ਪੁਲਿਸ ਨੇ ਹਲਕਾ ਬਲ ਇਸਤੇਮਾਲ ਕੀਤਾ ਤੇ ਉਨ੍ਹਾਂ ਨੂੰ ਉੱਥੋਂ ਹਟਾਇਆ।