ਨਵੀਂ ਦਿੱਲੀ: ਕੋਈ ਵੀ ਬੈਂਕ ਕਿਸੇ ਵੀ ਖਾਤਾਧਾਰਕ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਦਾ। ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਤਹਾਡੀ ਇਜਾਜ਼ਤ ਤੋਂ ਬਗ਼ੈਰ ਕੋਈ ਵੀ ਵਿਅਕਤੀ ਤੁਹਾਡੇ ਆਧਾਰ ਕਾਰਡ ਦੀ ਮਦਦ ਨਾਲ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਹਾਸਲ ਨਹੀਂ ਕਰ ਸਕਦਾ।


ਅੱਜ ਕਿਸੇ ਵੀ ਵਿਅਕਤੀ ਦੀ ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਸ਼ਨਾਖ਼ਤ ਆਧਾਰ ਕਾਰਡ ਹੀ ਹੈ। ਹਰੇਕ ਤਰ੍ਹਾਂ ਦੀ ਸਰਵਿਸ ਲਈ ਆਧਾਰ ਨੰਬਰ ਜ਼ਰੂਰ ਮੰਗਿਆ ਜਾਂਦਾ ਹੈ। ਕਈ ਵਾਰ ਨੰਬਰ ਸਾਂਝਾ ਕਰਦਿਆਂ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਬਣੇ ਰਹਿੰਦੇ ਹਨ।

ਅਸੀਂ ਅਕਸਰ ਸੋਚਦੇ ਹਾਂ ਕਿ ਸਾਡਾ ਆਧਾਰ ਕਾਰਡ ਸਾਡੇ ਬੈਂਕ ਖਾਤੇ, ਪੈਨ ਤੇ ਹੋਰ ਸਾਰੀਆਂ ਜ਼ਰੂਰੀ ਸੇਵਾਵਾਂ ਨਾਲ ਜੁੜਿਆ ਹੋਇਆ ਹੈ ਤੇ ਇਸ ਲਈ ਆਧਾਰ ਨੰਬਰ ਸਾਂਝਾ ਕਰਨਾ ਕੋਈ ਖ਼ਤਰਾ ਨਾ ਪੈਦਾ ਕਰ ਦੇਵੇ।

ਯੂਨੀਕ ਆਈਡੈਂਟੀਫ਼ਿਕੇਸ਼ਨ ਅਥਾਰਟੀ ਆੱਫ਼ ਇੰਡੀਆ (UIDAI) ਕਈ ਵਾਰ ਇਸ ਸਬੰਧੀ ਸਫ਼ਾਈ ਦੇ ਚੁੱਕਾ ਹੈ ਕਿ ਆਧਾਰ ਕਾਰਡ ਨੂੰ ਬੈਂਕ ਖਾਤੇ ਜਾਂ ਪੈਨ ਜਾਂ ਹੋਰ ਸੇਵਾਵਾਂ ਨਾਲ ਜੋੜਨ ’ਤੇ ਕੋਈ ਖ਼ਤਰਾ ਨਹੀਂ ਹੈ।

ਜੇ ਕੋਈ UIDAI ਦੀ ਮਦਦ ਨਾਲ ਤੁਹਾਡੇ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨੀ ਚਾਹੁੰਦਾ ਹੈ, ਤਾਂ ਇਹ ਕੇਵਲ ਤੁਹਾਡੀ ਆਈਡੀ ਦੇ ਮੌਜੂਦ ਹੋਣ ਦਾ ਜਵਾਬ ‘ਹਾਂ’ ਜਾਂ ‘ਨਾਂਹ’ ਵਿੱਚ ਦਿੰਦੀ ਹੈ। ਕੁਝ ਮਾਮਲਿਆਂ ’ਚ ਤੁਹਾਡੀ ਬੁਨਿਆਦੀ ਜਾਣਕਾਰੀ ਵੀ ਸ਼ੇਅਰ ਕੀਤੀ ਜਾਂਦੀ ਹੈ।

ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਆਧਾਰ ਕਾਰਡ ਨੂੰ ਕਿਸੇ ਵੀ ਜ਼ਰੂਰੀ ਸੇਵਾ ਨਾਲ ਜੋੜਨ ’ਤੇ ਕੋਈ ਖ਼ਤਰਾ ਨਹੀਂ ਹੈ।