ਸੰਭਲ: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਚੰਦੌਸੀ ਇਲਾਕੇ ਵਿੱਚ ਭੀੜ ਦਾ ਭਿਆਨਕ ਚਿਹਰਾ ਸਾਹਮਣੇ ਆਇਆ ਹੈ। ਇੱਥੇ ਸੱਤ ਸਾਲ ਦੇ ਆਪਣੇ ਬੱਚੇ ਨੂੰ ਹਸਪਤਾਲ ਲਿਜਾ ਰਹੇ ਪਿਤਾ ਨੂੰ ਭੀੜ ਨੇ ਬੱਚਾ ਚੋਰ ਸਮਝ ਕੇ ਕੁੱਟ-ਕੁੱਟ ਕੇ ਹੀ ਮਾਰ ਦਿੱਤਾ। ਮ੍ਰਿਤਕ ਨਾਲ ਉਸ ਦਾ ਭਰਾ ਵੀ ਸੀ ਤੇ ਉਸ ਨੂੰ ਵੀ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ। ਉਸ ਦੀ ਹਾਲਤ ਗੰਭੀਰ ਹੈ।


ਹਾਸਲ ਜਾਣਕਾਰੀ ਮੁਤਾਬਕ ਛਾਬੜਾ ਪਿੰਡ ਦੇ ਰਹਿਣ ਵਾਲੇ ਰਾਜੂ ਦੇ ਸੱਤ ਸਾਲ ਦੇ ਪੁੱਤਰ ਰਵੀ ਦੇ ਢਿੱਡ ਵਿੱਚ ਦਰਦ ਹੋ ਰਿਹਾ ਸੀ। ਰਾਜੂ ਤੇ ਉਸ ਦਾ ਭਰਾ ਰਾਮਵਤਾਰ ਮੰਗਲਵਾਰ ਦੁਪਹਿਰ ਨੂੰ ਉਸ ਨੂੰ ਇਲਾਜ ਲਈ ਮੋਟਰਸਾਈਕਲ 'ਤੇ ਲਿਜਾ ਰਹੇ ਸਨ। ਇਸ ਦੌਰਾਨ ਬੱਚੇ ਦੀ ਤਕਲੀਫ ਵਧ ਗਈ, ਉਹ ਰੋਣ ਲੱਗਿਆ। ਰਾਜੂ ਬਾਈਕ ਰੋਕ ਕੇ ਬੱਚੇ ਨੂੰ ਸਮਝਾਉਣ ਲੱਗਾ ਤੇ ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਦੋਵਾਂ ਭਰਾਵਾਂ ਨੂੰ ਬੱਚਾ ਚੋਰ ਸਮਝ ਲਿਆ।


ਦੇਖਦੇ ਹੀ ਦੇਖਦੇ ਉੱਥੇ ਭੀੜ ਹੋ ਗਈ ਤੇ ਦੋਵਾਂ ਭਰਾਵਾਂ ਨੂੰ ਭੀੜ ਨੇ ਬੁਰੀ ਤਰ੍ਹਾਂ ਕੁੱਟਿਆ। ਰਾਜੂ ਉਸ ਬੱਚੇ ਦਾ ਪਿਤਾ ਹੋਣ ਦੀ ਦੁਹਾਈ ਪਾਉਂਦਾ ਰਿਹਾ, ਪਰ ਭੀੜ ਨੇ ਉਨ੍ਹਾਂ ਦੀ ਇੱਕ ਨਾਲ ਸੁਣੀ। ਸੂਚਨਾ ਮਿਲਣ 'ਤੇ ਪੁਲਿਸ ਨੇ ਭੀੜ ਦੇ ਚੁੰਗਲ ਤੋਂ ਦੋਵਾਂ ਭਰਾਵਾਂ ਨੂੰ ਛੁਡਾਇਆ ਤੇ ਹਸਪਤਾਲ ਪਹੁੰਚਾਇਆ। ਪਰ ਇਲਾਜ ਦੌਰਾਨ ਰਾਜੂ ਦੀ ਮੌਤ ਹੋ ਗਈ। ਸਥਾਨਕ ਪੁਲਿਸ ਕਪਤਾਨ ਯਮੁਨਾ ਪ੍ਰਸਾਦ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਬੱਚਾ ਚੋਰੀ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ।