ਨਵੀਂ ਦਿੱਲੀ: ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਮੰਗਲਵਾਰ ਨੂੰ ਭਾਰਤੀ ਨਕਸ਼ੇ ਨੂੰ ਦੁਬਾਰਾ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਨਕਸ਼ੇ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਨਾਲ-ਨਾਲ ਗਿਲਗਿਤ-ਬਾਲਟਿਸਤਾਨ ਵੀ ਸ਼ਾਮਲ ਹੋਣਾ ਚਾਹੀਦਾ ਹੈ। ਧਾਰਾ 370 ਨੂੰ ਹਟਾਉਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਕਿਹਾ ਸੀ ਕਿ ਪੀਓਕੇ ਤੇ ਅਕਸਾਈ ਚੀਨ ਵੀ ਜੰਮੂ-ਕਸ਼ਮੀਰ ਵਿੱਚ ਸ਼ਾਮਲ ਹਨ।


ਇੱਕ ਸਮਾਗਮ ਵਿੱਚ ਜਿਤੇਂਦਰ ਸਿੰਘ ਨੇ ਕਿਹਾ, 'ਅਸੀਂ ਆਪਣੀਆਂ ਸਰਹੱਦਾਂ ਬਾਰੇ ਗੱਲ ਕਰਦੇ ਹਾਂ, ਜੋ ਸਾਡੀਆਂ ਹੈ ਹੀ ਨਹੀਂ। ਸਾਡੀਆਂ ਸਰਹੱਦਾਂ ਇਸ ਤੋਂ ਕਿਤੇ ਵੱਧ ਹਨ। ਜਦੋਂ ਭਾਰਤ ਦੇ ਨਕਸ਼ੇ ਨੂੰ ਮੁੜ ਤਿਆਰ ਕੀਤਾ ਜਾਏ ਤਾਂ ਸਾਨੂੰ ਇਸ ਵਿੱਚ ਨਾ ਸਿਰਫ ਪੀਓਕੇ, ਬਲਕਿ ਗਿਲਗਿਤ-ਬਾਲਟਿਸਤਾਨ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ।'


ਕੇਂਦਰੀ ਮੰਤਰੀ ਨੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਸਥਿਤ ਪਿੰਡਾਂ ਵਿੱਚ ਕੇਂਦਰ ਦੀਆਂ ਯੋਜਨਾਵਾਂ ਤੇ ਪ੍ਰਾਜੈਕਟਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਵਿਰੋਧੀ ਵਿਚਾਰਧਾਰਾ ਦੇ ਲੋਕਾਂ ਨੂੰ ਨਾਲ ਲਿਆਵਾਂਗੇ ਤੇ ਉਨ੍ਹਾਂ ਨਾਲ ਬਹਿਸ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਖੋਜ ਦਾ ਵਿਸ਼ਾ ਹੈ ਕਿ ਕਸ਼ਮੀਰ ਦੇ ਲੋਕ ਉਨ੍ਹਾਂ ਦੀ ਸੁਰੱਖਿਆ ਕਰ ਰਹੇ ਜਵਾਨਾਂ ਨੂੰ ਮਾੜਾ ਕਿਉਂ ਕਹਿੰਦੇ ਹਨ?