ਕੋਲਕਾਤਾ: ਫੌਜ ਦੇ ਉਪ ਮੁਖੀ ਨਾਮਜ਼ਦ ਲੈਫਟੀਨੈਂਟ ਜਨਰਲ ਐਮ ਐਮ ਨਰਵਾਨੇ ਨੇ ਮੰਗਲਵਾਰ ਨੂੰ ਕਿਹਾ ਕਿ ਜੇ ਚੀਨ ਨੇ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ 'ਵਿਵਾਦਿਤ ਖੇਤਰ' ਵਿੱਚ 100 ਵਾਰ ਘੁਸਪੈਠ ਕੀਤੀ ਹੈ, ਤਾਂ ਭਾਰਤੀ ਫੌਜ ਨੇ 200 ਵਾਰ ਅਜਿਹਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਡੋਕਲਾਮ ਗਤੀਰੋਧ ਦੌਰਾਨ ਚੀਨ ਨੇ ‘ਖੇਤਰੀ ਦਬੰਗ’ ਵਾਂਗ ਕੰਮ ਕੀਤਾ।


ਫਿਲਹਾਲ ਪੂਰਬੀ ਕਮਾਨ ਦੇ ਜਨਰਲ ਅਫ਼ਸਰ ਕਮਾਂਡਿੰਗ ਇਨ ਚੀਫ, ਨਰਵਾਨੇ ਨੇ ਕਿਹਾ ਕਿ ਚੀਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਰਤੀ ਫੌਜ ਉਹ ਨਹੀਂ ਰਹੀ ਜੋ 1962 ਦੀ ਚੀਨ-ਭਾਰਤੀ ਜੰਗ ਵੇਲੇ ਸੀ। ਉਨ੍ਹਾਂ ਇਥੇ ਇੰਡੀਆ ਚੈਂਬਰ ਆਫ਼ ਕਾਮਰਸ ਵਿੱਚ ‘ਡਿਫੈਂਡਿੰਗ ਅਵਰ ਬਾਰਡਰਜ਼’ ਵਿਸ਼ੇ ‘ਤੇ ਗੱਲਬਾਤ ਦੌਰਾਨ ਕਿਹਾ, ‘ਡੋਕਲਾਮ ਗਤੀਰੋਧ ਤੋਂ ਸਪਸ਼ਟ ਸੰਕੇਤ ਮਿਲਿਆ ਸੀ ਕਿ ਭਾਰਤੀ ਸ਼ਸਤਰ ਬਲ ਕਮਜ਼ੋਰ ਨਹੀਂ ਪਏ।'




ਜਦੋਂ ਸਾਬਕਾ ਹਵਾਈ ਸੈਨਾ ਮੁਖੀ ਤੇ ਚੈਂਬਰ ਦੀ ਰੱਖਿਆ ਉਪ ਕਮੇਟੀ ਦੇ ਮੈਂਬਰ ਅਰੂਪ ਰਾਹਾ ਨੇ 1962 ਦੀ ਲੜਾਈ ਤੋਂ ਮਿਲੇ ਸਬਕ ਤੇ ਉਸ ਤੋਂ ਬਾਅਦ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਬਾਰੇ ਪੁੱਛਿਆ ਤਾਂ ਨਰਵਾਨੇ ਨੇ ਕਿਹਾ, 'ਅਸੀਂ ਹੁਣ 1962 ਵਾਲੀ ਫੌਜ ਨਹੀਂ ਹਾਂ। ਜੇ ਚੀਨ ਕਹਿੰਦਾ ਹੈ ਕਿ ਇਤਿਹਾਸ ਨੂੰ ਨਾ ਭੁੱਲੋ ਤਾਂ ਸਾਨੂੰ ਵੀ ਉਨ੍ਹਾਂ ਨੂੰ ਇਹੀ ਗੱਲ ਕਹਿਣੀ ਹੈ।