ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਆਪਣੀ ਪਤਨੀ ਨਾਲ ਅਹਿਮਦਾਬਾਦ ਪੁੱਜੇ। ਦੋਵੇਂ ਪ੍ਰਧਾਨ ਮੰਤਰੀਆਂ ਨੇ ਅੱਠ ਕਿਲੋਮੀਟਰ ਲੰਮਾ ਰੋਡਸ਼ੋਅ ਕੀਤਾ। ਹਵਾਈ ਅੱਡੇ ਤੋਂ ਸ਼ੁਰੂ ਹੋ ਕੇ ਰੋਡ ਸ਼ੋਅ ਸਾਬਰਮਤੀ ਆਸ਼ਰਮ 'ਤੇ ਹੀ ਖਤਮ ਕੀਤਾ। ਰੋਡ ਸ਼ੋਅ ਦੌਰਾਨ ਲੱਖਾਂ ਲੋਕ ਸੜਕਾਂ 'ਤੇ ਖੜ੍ਹੇ ਸਨ। ਪ੍ਰਧਾਨ ਮੰਤਰੀ ਮੋਦੀ ਦੇ ਗ੍ਰਹਿ ਰਾਜ ਪਹੁੰਚਣ 'ਤੇ ਉਹ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਸਾਰਾ ਨੇਤਨਯਾਹੂ ਨੂੰ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ਤੋਂ ਲੈਣ ਗਏ। ਇਸ ਸਮੇਂ ਦੌਰਾਨ 50 ਸਟੇਜ਼ਾਂ ਸੜਕ ਕਿਨਾਰੇ ਲਾਈਆਂ ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰ ਮਹਿਮਾਨਾਂ ਲਈ ਆਪਣੀ ਪੇਸ਼ਕਾਰੀ ਪੇਸ਼ ਕਰ ਰਹੇ ਸਨ। ਸੜਕ ਦੇ ਦੋਵੇਂ ਪਾਸੇ ਭਾਰਤ ਤੇ ਇਜ਼ਰਾਇਲ ਦੇ ਝੰਡੇ ਲੈ ਕੇ ਵੱਡੀ ਗਿਣਤੀ ਲੋਕ ਖੜ੍ਹੇ ਸਨ। ਮੋਦੀ ਤੇ ਨੇਤਨਯਾਹੂ ਨੇ ਹੱਥ ਹਿਲਾਏ ਤੇ ਲੋਕਾਂ ਦੀਆਂ ਸ਼ੁਭ ਕਾਮਨਾਵਾਂ ਸਵੀਕਾਰ ਕੀਤੀਆਂ। ਕਰੀਬ ਅੱਠ ਕਿਲੋਮੀਟਰ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ 'ਤੇ ਇਹ ਰੋਡ ਸ਼ੋਅ ਖਤਮ ਹੋ ਗਿਆ। ਆਸ਼ਰਮ ਵਿੱਚ ਗਾਂਧੀ ਦੇ ਘਰ ਹਿਰਦੇ ਕੁੰਜ ਵਿੱਚ ਪ੍ਰਧਾਨ ਮੰਤਰੀ ਨੇ ਗਾਂਧੀ ਦੇ ਕਮਰੇ ਤੇ ਉਨ੍ਹਾਂ ਵੱਲੋਂ ਵਰਤੀਆਂ ਗਈਆਂ ਚੀਜ਼ਾਂ ਨੂੰ ਦਿਖਾਈਆਂ। ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਨੇ ਬਾਪੂ ਦੇ ਚਰਖਾ 'ਤੇ ਵੀ ਆਪਣੇ ਹੱਥ ਅਜ਼ਮਾਏ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮਹਾਤਮਾ ਗਾਂਧੀ ਨੂੰ ਮਨੁੱਖਤਾ ਦੇ ਮਹਾਨ ਦੂਤਾਂ ਵਿੱਚੋਂ ਇੱਕ ਦੱਸਿਆ। ਨੇਤਨਯਾਹੂ ਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਆਸ਼ਰਮ ਦੀ ਵਿਜ਼ਟਰ ਬੁੱਕ ਵਿੱਚ ਚਾਰ ਲਾਈਨਾਂ ਦਾ ਸੰਦੇਸ਼ ਲਿਖਿਆ। ਦੋਹਾਂ ਨੇ ਇਸ 'ਤੇ ਦਸਤਖਤ ਕੀਤੇ। ਇਸ ਸੁਨੇਹੇ ਵਿੱਚ ਇਜ਼ਰਾਈਲ ਤੋਂ ਆਏ ਜੋੜੇ ਨੇ ਲਿਖਿਆ, "ਉਨ੍ਹਾਂ ਦੀ ਮੁਲਾਕਾਤ ਬਹੁਤ ਦਿਲਚਸਪ ਸੀ।"