ਅਜੇ ਵੀ ਬਦਲੇ ਜਾ ਰਹੇ 500-1000 ਦੇ ਪੁਰਾਣੇ ਨੋਟ, ਸਾਢੇ 96 ਕਰੋੜ ਦੀ ਪੁਰਾਣੀ ਕਰੰਸੀ ਜ਼ਬਤ
ਏਬੀਪੀ ਸਾਂਝਾ | 17 Jan 2018 03:32 PM (IST)
ਕਾਨਪੁਰ: ਐਨ.ਏ.ਆਈ. ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਸਾਂਝੇ ਰੂਪ ਵਿੱਚ ਛਾਪੇਮਾਰੀ ਦੌਰਾਨ 96 ਕਰੋੜ 62 ਲੱਖ ਦੀ ਕੀਮਤ ਦੇ ਪੁਰਾਣੇ ਨੋਟ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤਕ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੇ ਤਾਰ ਦਿੱਲੀ, ਮੁੰਬਈ, ਹੈਦਰਾਬਾਦ ਸਮੇਤ ਵਿਦੇਸ਼ਾਂ ਨਾਲ ਵੀ ਤਾਰ ਜੁੜ ਰਹੇ ਹਨ। ਪੁਲਿਸ ਨੇ ਇਸ ਗੱਲ ਦਾ ਵੀ ਪਰਦਾਫਾਸ਼ ਕੀਤਾ ਹੈ ਕਿ ਨੋਟਬੰਦੀ ਤੋਂ ਇੱਕ ਸਾਲ ਬਾਅਦ ਵੀ ਪੁਰਾਣੇ ਨੋਟਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਬਦਲਣ ਵਾਲੇ ਗੈਂਗ ਸਰਗਰਮ ਹਨ। ਇਸ ਮਾਮਲੇ ਵਿੱਚ ਹੈਦਰਾਬਾਦ ਦੇ ਕੋਟੇਸ਼ਵਰ ਰਾਵ, ਕਾਨਪੁਰ ਦੇ ਬਿਲਡਰ ਤੇ ਕੱਪੜਾ ਵਪਾਰੀ ਆਨੰਦ ਖੱਤਰੀ ਤੇ ਸੰਤੋਸ਼ ਯਾਦਵ, ਵਾਰਾਣਸੀ ਦੇ ਰੇਲ ਵਿਭਾਗ ਦੇ ਇੰਜਨੀਅਰ ਸੰਜੇ ਰਾਏ ਨੂੰ ਗ੍ਰਿਫਤਾਰ ਕੀਤਾ ਹੈ। ਐਨ.ਆਈ.ਏ. ਮੁਤਾਬਕ ਉਸ ਨੇ ਉੱਤਰ ਪ੍ਰਦੇਸ਼ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਛਾਪਾ ਮਾਰ ਕੇ ਪੁਰਾਣੇ ਨੋਟਾਂ ਦੀ ਵੱਡੀ ਖੇਪ ਨੂੰ ਫੜਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਭਾਰਤੀ ਰਿਜ਼ਰਵ ਬੈਂਕ ਤੇ ਆਮਦਨ ਕਰ ਵਿਭਾਗ ਨੂੰ ਇਸ ਬਾਰੇ ਸੂਚਨਾ ਭੇਜੀ ਜਾ ਰਹੀ ਹੈ। ਉਹ ਇਸ ਪੈਸੇ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਦਾ ਰਿਸ਼ਤੇਦਾਰ RBI ਵਿੱਚ ਕੰਮ ਕਰਦਾ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਉੱਤਰ ਪ੍ਰਦੇਸ਼ ਦੇ ਕਾਨਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮਨੀਚੇਂਜਰ ਗੈਂਗ ਸਰਗਰਮ ਹਨ। ਉਹ ਵੱਧ-ਘੱਟ ਰੇਟ 'ਤੇ ਪੁਰਾਣੀ ਕਰੰਸੀ ਨੂੰ ਨਵੇਂ ਨੋਟਾਂ ਨਾਲ ਬਦਲ ਰਹੇ ਹਨ। ਕੁਝ ਸਮਾਂ ਪਹਿਲਾਂ ਪੁਲਿਸ ਨੇ ਪਰਤਾਪੁਰ ਥਾਣਾ ਇਲਾਕੇ ਦੇ ਰਾਜਕਮਲ ਐਨਕਲੇਵ ਵਿੱਚ ਪ੍ਰਾਪਰਟੀ ਡੀਲਰ ਤੇ ਬਿਲਡਰ ਸੰਜੀਵ ਮਿੱਤਲ ਦੇ ਦਫ਼ਤਰ ਤੋਂ ਤਕਰੀਬਨ 25 ਕਰੋੜ ਦੀ ਪੁਰਾਣੀ ਕਰੰਸੀ ਬਰਾਮਦ ਕੀਤੀ ਸੀ। ਇਸ ਮੌਕੇ ਚਾਰ ਲੋਕ ਗ੍ਰਿਫਤਾਰ ਕੀਤੇ ਸਨ ਤੇ ਦੱਸਿਆ ਸੀ ਕਿ ਸੰਜੀਵ ਇਸ ਪੈਸੇ ਨੂੰ ਇੱਕ ਨਾਮੀ ਤੇਲ ਕੰਪਨੀ ਰਾਹੀਂ ਆਰ.ਟੀ.ਜੀ.ਐਸ. ਕਰਨਾ ਚਾਹੁੰਦਾ ਸੀ।