ਮੁੰਬਈ: ਸ਼ਹਿਰ ਦੇ ਸਾਂਤਾਕਰੂਜ਼ ਇਲਾਕੇ ਵਿੱਚ ਕਲੀਨਾ ਯੂਨੀਵਰਸਿਟੀ ਨੇੜੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਾਈ ਓਵਰਹੈੱਡ ਰੇਲਿੰਗ ਨਾਲ ਇੱਕ ਡਬਲ ਡੈਕਰ ਬੱਸ ਟਕਰਾ ਕੇ ਦੁਰਘਟਨਾਗ੍ਰਸਤ ਹੋ ਗਈ। ਕੱਲ੍ਹ ਤੋਂ ਪੈ ਰਹੇ ਮੀਂਹ ਕਾਰਨ ਅੱਜ ਸਵੇਰੇ ਅੰਧੇਰੀ ਇਲਾਕੇ ਵਿੱਚ ਪੈਦਲ ਆਉਣ-ਜਾਣ ਵਾਲਿਆਂ ਲਈ ਬਣਿਆ ਪੁਲ਼ ਡਿੱਗ ਪਿਆ, ਜਿਸ ਕਾਰਨ ਸ਼ਹਿਰ ਵਿੱਚ ਰੇਲ ਸੇਵਾਵਾਂ ਤੇ ਰੋਡ ਟਰੈਫਿਕ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ ਤੇ ਲੋਕਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ।  ਇਸ ਹਾਦਸੇ ਵਿੱਚ 5 ਜਣੇ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਡਬਲ ਡੈਕਰ ਬੱਸ ਮੁੰਬਈ ਦੇ ਬਾਂਦਰਾ ਤੋਂ ਸਾਂਤਾਕਰੂਜ਼ ਦੇ ਕਲੀਨਾ ਇਲਾਕੇ ਵਿੱਚ ਮੁੰਬਈ ਯੂਨੀਵਰਸਿਟੀ ਜਾ ਰਹੀ ਸੀ। ਇਸੇ ਦੌਰਾਨ ਯੂਨੀਵਰਸਿਟੀ ਨੇੜੇ ਲੱਗੇ ਓਵਰਹੈੱਡ ਰੇਲਿੰਗ ਨਾਲ ਬੱਸ ਦੀ ਟੱਕਰ ਵੱਜਣ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਲ਼ੇ ਤਕ ਕਿਸੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਸ਼ਹਿਰ ਵਿਚ ਮੀਂਹ ਪੈਣ ਤੋਂ ਬਾਅਦ, ਹਿੰਡਮਾਤਾ ਜੰਕਸ਼ਨ ਤੇ ਸਾਓਨ ਸਮੇਤ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ ਹੈ। ਰੇਲਵੇ ਸਟੇਸ਼ਨ ਮੀਂਹ ਦੇ ਪਾਣੀ ਵਿੱਚ ਡੁੱਬ ਗਏ ਹਨ। ਮੁੰਬਈ ਪੁਲਿਸ ਨੇ ਮੰਗਲਵਾਰ ਸਵੇਰੇ ਟਰੈਫਿਕ ਐਡਵਾਇਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਅੱਜ ਮੁੰਬਈ ਦੇ ਅੰਧੇਰੀ ਰੇਲਵੇ ਸਟੇਸ਼ਨ ’ਤੇ ਫੁੱਟ ਓਵਰਬ੍ਰਿਜ (ਐਫਓਬੀ) ਦਾ ਹਿੱਸਾ ਢਹਿ ਗਿਆ। ਘਟਨਾ ਬਾਅਦ ਰੇਲ ਸੇਵਾਵਾਂ ਠੱਪ ਕਰ ਦਿੱਤੀਆਂ ਜਿਸ ਕਰਕੇ ਸ਼ਹਿਰ ਵਿੱਚ ਭਾਰੀ ਟ੍ਰੈਫਿਕ ਵੇਖਣ ਨੂੰ ਮਿਲਿਆ। ਇਸ ਹਾਦਸੇ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋਏ। ਹਾਲਾਂਕਿ ਮਲਬੇ ਹੇਠਾਂ ਕਿਸੇ ਦੇ ਫਸਣ ਦੀ ਰਿਪੋਰਟ ਨਹੀਂ ਆਈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 24 ਘੰਟਿਆਂ ਦੌਰਾਨ ਸ਼ਹਿਰ ਵਿੱਚ ਗਰਜ਼ ਨਾਲ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਯਾਦ ਰਹੇ ਕਿ ਪਿਛਲੇ ਸਾਲ ਵੀ ਮੁੰਬਈ ਦੇ ਇੱਕ ਰੇਲਵੇ ਸਟੇਸ਼ਨ ’ਤੇ ਭਾਜੜ ਮੱਚਣ ਨਾਲ ਪੁਲ਼ ਢਹਿ ਗਿਆ ਸੀ ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ।