Himachal Pradesh Weather Forecast: ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਜਾਣ ਵਾਲੇ ਸਾਵਧਾਨ ਹੋ ਜਾਣ। ਸੂਬੇ ਵਿੱਚ ਮੌਸਮ ਵਿਗੜਣ ਵਾਲਾ ਹੈ। ਹਿਮਾਚਲ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਨੇ ਸਿਰਮੌਰ, ਚੰਬਾ, ਕਾਂਗੜਾ, ਮੰਡੀ, ਸ਼ਿਮਲਾ ਤੇ ਸੋਲਨ ਵਿੱਚ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਹਿਮਾਚਲ ਪ੍ਰਦੇਸ਼ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਤੋਂ ਮੀਂਹ ਸ਼ੁਰੂ ਹੋ ਰਿਹਾ ਹੈ। ਇਸ ਨਾਲ ਹਿਮਾਚਲ ਪ੍ਰਦੇਸ਼ ਵਿੱਚ ਵੱਧ ਰਹੇ ਤਾਪਮਾਨ ਤੋਂ ਰਾਹਤ ਮਿਲੇਗੀ ਪਰ ਪਹਾੜੀ ਖੇਤਰ ਹੋਣ ਕਰਕੇ ਕਈ ਕੁਦਰਤੀ ਮੁਸੀਬਤਾਂ ਵੀ ਆਉਣਗੀਆਂ। ਇਸ ਲਈ ਸੂਬੇ ਵਿੱਚ ਘੁੰਮਣ ਜਾਣ ਵਾਲੇ ਸੈਲਾਨੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
IMD ਸ਼ਿਮਲਾ ਨੇ ਜਾਰੀ ਕੀਤਾ ਅਲਰਟ
ਮੌਸਮ ਵਿਗਿਆਨ ਕੇਂਦਰ, ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਹੈ ਕਿ ਸ਼ਨੀਵਾਰ ਤੱਕ ਗਰਮੀ ਤੋਂ ਰਾਹਤ ਮਿਲੇਗੀ। ਇਸ ਤੋਂ ਬਾਅਦ 23 ਤੋਂ 25 ਜੂਨ ਤੱਕ ਮੌਸਮ ਸਾਫ਼ ਰਹੇਗਾ। 26 ਜੂਨ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਬਦਲੇਗਾ। ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ 26 ਜੂਨ ਤੇ 27 ਜੂਨ ਨੂੰ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਾਰ ਮਾਨਸੂਨ ਦੇ ਜੂਨ ਦੇ ਅੰਤ ਤੱਕ ਸੂਬੇ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮਾਨਸੂਨ ਦੌਰਾਨ ਸੂਬੇ ਵਿੱਚ ਬਾਰਸ਼ ਆਮ ਵਾਂਗ ਰਹਿਣ ਦੀ ਉਮੀਦ ਹੈ।
ਸੂਬੇ 'ਚ ਵੱਡੀ ਗਿਣਤੀ 'ਚ ਸੈਲਾਨੀ ਆ ਰਹੇ
ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸੇ ਵੀ ਗਰਮੀ ਦੀ ਲਪੇਟ 'ਚ ਆਏ ਰਹੇ। ਸੂਬੇ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਸ਼ਿਮਲਾ, ਮਨਾਲੀ ਤੇ ਚੰਬਾ 'ਚ ਵੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਦੁਪਹਿਰ ਸਮੇਂ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇੱਥੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੁਣ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਤਾਪਮਾਨ 'ਚ ਮਾਮੂਲੀ ਗਿਰਾਵਟ ਆਈ ਹੈ।
ਤਾਪਮਾਨ 'ਚ ਗਿਰਾਵਟ ਤੋਂ ਬਾਅਦ ਦੁਪਹਿਰ ਬਾਅਦ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ। ਸ਼ਿਮਲਾ ਤੇ ਹੋਰ ਸੈਰ-ਸਪਾਟਾ ਸਥਾਨਾਂ ਨੂੰ ਦੇਖਣ ਲਈ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ। ਸੈਰ ਸਪਾਟਾ ਕਾਰੋਬਾਰੀ ਵੀ ਇਸ ਤੋਂ ਉਤਸ਼ਾਹਿਤ ਹਨ। ਆਉਣ ਵਾਲੇ ਦਿਨਾਂ ਵਿੱਚ ਵੀ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸੈਰ ਸਪਾਟਾ ਸਥਾਨਾਂ 'ਤੇ ਇਸੇ ਤਰ੍ਹਾਂ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ ਪਰ ਬਾਰਸ਼ ਕਰਕੇ ਅਲਰਟ ਰਹਿਣ ਦੀ ਲੋੜ ਹੈ।