Scam on Petrol and Diesel Filling: ਅੱਜ ਕੱਲ੍ਹ ਕਈ ਤਰ੍ਹਾਂ ਦੇ ਘਪਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਲੋਕ ਫਸ ਜਾਂਦੇ ਹਨ ਤੇ ਹਜ਼ਾਰਾਂ ਜਾਂ ਲੱਖਾਂ ਦਾ ਨੁਕਸਾਨ ਕਰਵਾ ਬੈਠਦੇ ਹਨ। ਹੁਣ ਇੱਕ ਹੋਰ ਘੁਟਾਲਾ ਸਾਹਮਣੇ ਆ ਰਿਹਾ ਹੈ, ਜੋ ਪੈਟਰੋਲ ਪੰਪਾਂ 'ਤੇ ਪੈਟਰੋਲ, ਡੀਜ਼ਲ ਜਾਂ ਸੀਐਨਜੀ ਭਰਦੇ ਸਮੇਂ ਲੋਕਾਂ ਨਾਲ ਕੀਤਾ ਜਾ ਰਿਹਾ ਹੈ। ਇਸ 'ਚ ਫਿਊਲ ਮੀਟਰ ਨਾਲ ਛੇੜਛਾੜ ਕਰਕੇ ਲੋਕਾਂ ਨਾਲ ਟੈਂਕੀ ਵਿੱਚ ਘੱਟ ਤੇਲ ਪਾ ਕੇ ਧੋਖਾਧੜੀ ਕੀਤੀ ਜਾ ਰਹੀ ਹੈ।


ਤੇਲ ਭਰਾਉਣ ਵੇਲੇ ਮੀਟਰ ਵੱਲ ਧਿਆਨ ਦਿਓ
ਪੈਟਰੋਲ ਪੰਪ 'ਤੇ ਵਾਹਨ ਵਿੱਚ ਤੇਲ ਪਵਾਉਂਦੇ ਸਮੇਂ ਮੀਟਰ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਦੋਂ ਵੀ ਤੁਸੀਂ ਪੈਟਰੋਲ ਜਾਂ ਡੀਜ਼ਲ ਭਰਵਾਉਂਦੇ ਹੋ ਤਾਂ ਰਾਊਂਡ ਫਿਗਰ ਦੀ ਰਕਮ ਜਿਵੇਂ 200, 400 ਜਾਂ 1000 ਰੁਪਏ ਦੀ ਬਜਾਏ ਪੰਜ-ਦਸ ਰੁਪਏ ਵੱਧ ਜਾਂ ਘੱਟ ਦਾ ਤੇਲ ਪਵਾਓ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਕੁਝ ਪੈਟਰੋਲ ਪੰਪਾਂ 'ਤੇ ਮਸ਼ੀਨਾਂ ਦੀ ਸੈਟਿੰਗ ਗਲਤ ਤਰੀਕੇ ਨਾਲ ਕੀਤੀ ਹੋਈ ਹੁੰਦੀ ਹੈ, ਜਿਸ ਕਾਰਨ ਪੂਰੇ ਪੈਸੇ ਦੇਣ ਉਪਰ ਵੀ ਤੇਲ ਘੱਟ ਭਰਿਆ ਜਾਂਦਾ ਹੈ।


ਬਾਲਣ ਦੀ ਘਣਤਾ ਨੂੰ ਵੀ ਧਿਆਨ ਵਿੱਚ ਰੱਖੋ
ਜਦੋਂ ਵੀ ਤੁਸੀਂ ਆਪਣੀ ਕਾਰ ਜਾਂ ਮੋਟਰ ਸਾਈਕਲ ਵਿੱਚ ਤੇਲ ਭਰਦੇ ਹੋ, ਤਾਂ ਮੀਟਰ ਵਿੱਚ ਉਸ ਬਾਲਣ ਦੀ ਘਣਤਾ ਦੀ ਵੀ ਜਾਂਚ ਕਰੋ। ਇਹ ਘਣਤਾ ਪੈਟਰੋਲ ਲਈ 730 ਤੋਂ 800 ਕਿਲੋਗ੍ਰਾਮ ਪ੍ਰਤੀ ਘਣ ਮੀਟਰ ਤੇ ਡੀਜ਼ਲ ਲਈ 830 ਤੋਂ 900 ਕਿਲੋਗ੍ਰਾਮ ਪ੍ਰਤੀ ਘਣ ਮੀਟਰ ਹੋਣੀ ਚਾਹੀਦੀ ਹੈ। 


ਜੇਕਰ ਪੈਟਰੋਲ ਦੀ ਘਣਤਾ 730 ਯੂਨਿਟ ਤੋਂ ਘੱਟ ਹੈ, ਤਾਂ ਇਸ ਦਾ ਮਤਲਬ ਹੈ ਕਿ ਪੈਟਰੋਲ ਵਿੱਚ ਮਿਲਾਵਟ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਡੀਜ਼ਲ ਦੀ ਘਣਤਾ 830 ਯੂਨਿਟ ਤੋਂ ਘੱਟ ਵੇਖੀ ਜਾਵੇ ਤਾਂ ਇਸ ਵਿੱਚ ਮਿਲਾਵਟ ਹੋਣਾ ਤੈਅ ਹੈ।


ਈਂਧਨ ਮੀਟਰ 'ਤੇ ਪ੍ਰਾਈਜ਼ ਜੰਪ
ਈਂਧਨ ਮੀਟਰ ਵਿੱਚ ਪ੍ਰਾਈਜ਼ ਸੈਕਸ਼ਨ ਵੱਲ ਵੀ ਧਿਆਨ ਦੇਣਾ ਅਹਿਮ ਹੈ। ਜੇਕਰ ਈਂਧਨ ਭਰਦੇ ਸਮੇਂ ਮੀਟਰ 'ਚ ਪ੍ਰਾਈਜ਼ ਜੰਪ 3-4 ਰੁਪਏ ਦਾ ਹੋਵੇ ਤਾਂ ਇਹ ਆਮ ਗੱਲ ਹੈ ਪਰ ਜੇਕਰ ਤੁਸੀਂ 10 ਰੁਪਏ ਜਾਂ 20 ਰੁਪਏ ਦਾ ਪ੍ਰਾਈਜ਼ ਜੰਪ ਦੇਖਦੇ ਹੋ ਤਾਂ ਸਮਝੋ ਕਿ ਮੀਟਰ ਨਾਲ ਛੇੜਛਾੜ ਕੀਤੀ ਗਈ ਹੈ। ਅਜਿਹੇ ਘਪਲਿਆਂ ਤੋਂ ਬਚਣ ਲਈ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਤੁਸੀਂ ਸਾਵਧਾਨ ਨਹੀਂ ਰਹਿੰਦੇ, ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।