ਨਵੀਂ ਦਿੱਲੀ: ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਕਮਰਕੱਸੇ ਕਰ ਲਏ ਹਨ। ਦਿੱਲੀ ਵਿੱਚ ਪੀਏਸੀ ਦੀ ਬੈਠਕ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਹੋਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਾਂਗਰਸ ਨਾਲ ਗਠਜੋੜ ਕਰ ਲਿਆ ਤਾਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ। ਐਮਪੀ ਨੇ ਭਾਜਪਾ 'ਤੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਖ਼ਤਰੇ ਵਿੱਚ ਪਾਉਣ ਤੇ ਕਾਂਗਰਸ ਉੱਪਰ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੇ ਝੂਠੇ ਲਾਰੇ ਲਾਉਣ ਦੇ ਦੋਸ਼ ਲਾਏ।


ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਨਾਲ ਗਠਜੋੜ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਗੋਆ, ਦਿੱਲੀ ਅਤੇ ਚੰਡੀਗੜ੍ਹ ਦੀਆਂ ਲੋਕ ਸਭਾ ਸੀਟਾਂ ਤੋਂ ਬਗ਼ੈਰ ਕਿਸੇ ਗਠਜੋੜ ਦੇ ਹੀ ਚੋਣਾਂ ਲੜੀਆਂ ਜਾਣਗੀਆਂ। ਮਾਨ ਨੇ ਕਿਹਾ ਕਿ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਪੰਜਾਬ ਵਿੱਚ 'ਆਪ' ਵਿਰੋਧੀ ਧਿਰ ਹੈ ਤੇ ਉੱਥੇ ਕਾਂਗਰਸ ਦੀ ਹੀ ਸਰਕਾਰ ਹੈ, ਜਿਸ ਨੂੰ ਉਨ੍ਹਾਂ ਦੇ ਵਿਧਾਇਕ ਚੁਣੌਤੀ ਦਿੰਦੇ ਹਨ, ਉਨ੍ਹਾਂ ਨਾਲ ਗੱਠਜੋੜ ਸੰਭਵ ਨਹੀਂ। 'ਆਪ' ਕੋਲ ਪਹਿਲੀ ਵਾਰ ਦਿੱਲੀ ਵਿੱਚ ਕਾਂਗਰਸ ਨਾਲ ਗਠਜੋੜ ਕਰਕੇ ਸਰਕਾਰ ਬਣਾਉਣ ਦਾ ਵੀ ਬੁਰਾ ਤਜ਼ਰਬਾ ਹਾਸਲ ਹੈ।

ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਅਜੇ ਸੀਟਾਂ ਬਾਰੇ ਵਿਚਾਰ ਨਹੀਂ ਹੋਏ। ਯਾਨੀ ਕਿ ਪਾਰਟੀ ਨੇ ਹਾਲੇ ਤੈਅ ਨਹੀਂ ਕੀਤਾ ਹੈ ਕਿ ਕਿੰਨੀ ਲੋਕ ਸਭਾ ਸੀਟਾਂ ਤੋਂ ਚੋਣ ਲੜੀ ਜਾਵੇ। ਜ਼ਿਕਰਯੋਗ ਹੈ ਕਿ ਪਿਛਲੀ ਵਾਰ 'ਆਪ' ਨੇ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣ ਲੜਨ ਦਾ 'ਪੰਗਾ' ਲਿਆ ਸੀ ਪਰ ਪੰਜਾਬ ਵਿੱਚੋਂ ਹੀ ਚਾਰ ਸੰਸਦ ਮੈਂਬਰ ਹੀ ਚੁਣੇ ਗਏ ਸਨ। ਇਸ ਵਾਰ ਪਾਰਟੀ ਰਣਨੀਤੀ ਤਹਿਤ ਸਿਰਫ਼ ਉਨ੍ਹਾਂ ਥਾਵਾਂ 'ਤੇ ਹੀ ਧਿਆਨ ਕੇਂਦਰਤ ਕਰ ਸਕਦੀ ਹੈ, ਜਿੱਥੇ ਪਾਰਟੀ ਦਾ ਆਧਾਰ ਬਣ ਚੁੱਕਿਆ ਹੈ।