ਲੰਡਨ: ਛੁੱਟੀਆਂ ਮਨਾਉਣ ਲਈ ਆਈਸਲੈਂਡ ਗਏ ਯੂਕੇ ਵੱਸਦੇ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਤੇ ਇੱਕ ਬੱਚੀ ਵੀ ਸ਼ਾਮਲ ਹੈ। ਆਈਸਲੈਂਡ ਦੀ ਰਾਜਧਾਨੀ ਰੇਕਜਾਵਿਕ ਸਥਿਤ ਹਸਪਤਾਲ ਵਿੱਚ ਪਰਿਵਾਰ ਦੇ ਬਾਕੀ ਬਚੇ ਦੋ ਭਰਾ ਤੇ ਦੋ ਛੋਟੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਮੂਲ ਦਾ ਯੂਕੇ ਵੱਸਦਾ ਇਹ ਪਰਿਵਾਰ ਆਪਣੀ ਟੋਇਟਾ ਲੈਂਡ ਕਰੂਜ਼ਰ ਐਸਯੂਵੀ 'ਤੇ ਆਈਸਲੈਂਡ ਦੇ ਨੌਰਡਿਕ ਆਈਸਲੈਂਡ ਘੁੰਮਣ ਗਿਆ ਸੀ। ਬੀਤੇ ਵੀਰਵਾਰ ਸਕੇਡ੍ਰਾਰਸੰਡਰ ਦੇ ਪੁਲ ਦੀ ਰੇਲਿੰਗ ਨਾਲ ਉਨ੍ਹਾਂ ਦੀ ਕਾਰ ਦੀ ਭਿਆਨਕ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਕਾਰ ਪੁਲ ਤੋਂ ਹੇਠਾਂ ਬਰਸਾਤੀ ਨਾਲੇ ਵਿੱਚ ਡਿੱਗ ਗਈ। ਉਚਾਈ ਤੋਂ ਡਿੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦਾ ਪਤਾ ਲੱਗਦਿਆਂ ਹੀ ਪੀੜਤਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਭਾਰਤੀ ਅੰਬੈਸਡਰ ਨੂੰ ਵੀ ਸੂਚਿਤ ਕੀਤਾ ਗਿਆ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੁਰਘਟਨਾ ਇੰਨੀ ਭਿਆਨਕ ਸੀ ਕਿ ਤਿੰਨ ਜਣੇ ਮੌਕੇ 'ਤੇ ਹੀ ਮਾਰੇ ਗਏ। ਤਿੰਨਾਂ ਵਿੱਚ ਨਵਜਨਮਿਆ ਬੱਚਾ ਵੀ ਸ਼ਾਮਲ ਹੈ। ਕਾਰ ਵਿੱਚ ਦੋ ਭਾਰਤੀ ਮੂਲ ਦੇ ਭਰਾ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ ਸਵਾਰ ਸਨ। ਹਾਦਸੇ ਵਿੱਚ ਦੋਵਾਂ ਦੀਆਂ ਪਤਨੀਆਂ ਦੀ ਵੀ ਮੌਤ ਹੋ ਗਈ ਹੈ। ਯੂਕੇ ਦੇ ਵਿਦੇਸ਼ ਤੇ ਸਦਭਾਵਨਾ ਦਫ਼ਤਰ ਨੇ ਮੁਤਾਬਕ ਉਹ ਪੀੜਤਾਂ ਦੇ ਵਾਰਸਾਂ ਤੇ ਪਰਿਵਾਰਾਂ ਤਕ ਪਹੁੰਚ ਕਰ ਗਏ ਹਨ। ਸਥਾਨਕ ਪੁਲਿਸ ਮ੍ਰਿਤਕਾਂ ਦੀ ਪਛਾਣ ਉਨ੍ਹਾਂ ਦੀ ਰਸਮੀ ਸ਼ਨਾਖ਼ਤ ਤੋਂ ਬਾਅਦ ਹੀ ਜਾਰੀ ਕਰੇਗੀ।