ਪੈਰਿਸ: ਫਰਾਂਸ ਦੇ ਬੋਰਜ ਸੈਂਟ ਮੌਰੂਸ ‘ਚ ਐਲਪਸ ਪਹਾੜ ‘ਤੇ ਬਰਫ ਖਿਸਕਣ ਦੌਰਾਨ 12 ਸਾਲਾ ਬੱਚਾ ਬਰਫ ਹੇਠ ਦੱਬ ਗਿਆ। ਬੱਚਾ ਬਰਫ ਹੇਠ 40 ਮਿੰਟ ਤੱਕ ਰਿਹਾ, ਜਿਸ ਨੂੰ ਜ਼ਿੰਦਾ ਕੱਢ ਲਿਆ ਗਿਆ। ਇਸ ਤੋਂ ਬਾਅਦ ਵੀ ਉਸ ਨੂੰ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ।


ਬਚਾਅ ਦਲ ਦਾ ਕਹਿਣਾ ਹੈ ਕਿ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿਉਂਕਿ ਬਰਫ ਹੇਠ 15 ਮਿੰਟ ਦੱਬਣ ਨਾਲ ਹੀ ਕਿਸੇ ਦੀ ਵੀ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕ੍ਰਿਸਮਸ ਤੋਂ ਬਾਅਦ ਸਾਨੂੰ ਇੱਕ ਹੋਰ ਤੋਹਫਾ ਮਿਲਿਆ ਹੈ।



ਪੁਲਿਸ ਮੁਤਾਬਕ ਲਾ ਪਲਾਗਨੇ ਸਕੀ ਰਿਸੌਰਟ ‘ਤੇ 7 ਲੋਕਾਂ ਦਾ ਗਰੁੱਪ ਸਕੀਇੰਗ ਲਈ ਗਿਆ ਸੀ, ਜਿਸ ‘ਚ 12 ਸਾਲ ਦਾ ਬੱਚਾ ਵੀ ਸਾਮਲ ਸੀ। ਬਰਫ ਖਿਸਕਣ ਸਮੇਂ ਬੱਚਾ ਹੇਠ ਜਾਣ ਲੱਗਿਆ ਤਾਂ ਬਰਫ ਦਾ ਵੱਡਾ ਟੁੱਕੜਾ ਉਸ ‘ਤੇ ਡਿੱਗ ਗਿਆ, ਜਦਕਿ ਉਸ ਦੇ ਬਾਕੀ ਸਾਥੀ ਸੁਰੱਖਿਅਤ ਬਚ ਗਏ।

ਬਰਫ ਦੀ ਢਿੱਗ ਬੱਚੇ ਨੂੰ 100 ਮੀਟਰ ਤਕ ਘਸੀਟ ਕੇ ਲੈ ਗਈ। ਘਟਨਾ 2400 ਮੀਟਰ ਦੀ ਉਚਾਈ ‘ਤੇ ਵਾਪਰੀ। ਸਨੀਫਰ ਡੌਗਸ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਗਈ।