ਬੀਜਿੰਗ: ਚੀਨ ਨੇ ਰੂਸ ਤੋਂ ਲਿਆਂਦੀ ਗਈ ਐਸ-400 ਏਅਰ ਡਿਫੈਂਸ ਸਿਸਟਮ ਦਾ ਸਫ਼ਲਤਾਪੂਰਵਕ ਪ੍ਰੀਖਣ ਕਰ ਲਿਆ ਹੈ। ਇਸ ਐਸ-400 ਮਿਜ਼ਾਈਲ ਸਿਸਟਮ ਲਈ ਭਾਰਤ ਨੇ ਅਮਰੀਕੀ ਪਾਬੰਦੀਆਂ ਦੇ ਖ਼ਤਰੇ ਦੇ ਬਾਵਜੂਦ ਰੂਸ ਨਾਲ ਸੌਦਾ ਕੀਤਾ ਹੈ, ਪਰ ਚੀਨ ਨੇ ਇਸ ਮਾਮਲੇ ਵਿੱਚ ਬਾਜ਼ੀ ਮਾਰ ਲਈ ਹੈ। ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀਐਲਏ) ਨੇ ਇਸ ਪ੍ਰਣਾਲੀ ਨੂੰ ਬੀਤੇ ਮਹੀਨੇ ਪਰਖਿਆ, ਜਿਸ ਵਿੱਚ ਨਕਲੀ ਬੈਲਿਸਟਿਕ ਨਿਸ਼ਾਨਿਆਂ ਨੂੰ ਸਫ਼ਲਤਾਪੂਰਬਕ ਤਬਾਹ ਕਰ ਦਿੱਤਾ ਗਿਆ।

ਚੀਨ ਨੂੰ ਸਾਲ 2015 ਵਿੱਚ ਕੀਤੇ ਗਏ ਇਕਰਾਰ ਮੁਤਾਬਕ ਰੂਸ ਤੋਂ ਤਿੰਨ ਅਰਬ ਡਾਲਰ ਕੀਮਤ ਦੇ ਠੇਕੇ ਤਹਿਤ ਐਸ-400 ਹਥਿਆਰਾਂ ਦੀ ਆਖ਼ਰੀ ਖੇਪ ਬੀਤੀ ਜੁਲਾਈ ਵਿੱਚ ਹਾਸਲ ਹੋਈ ਸੀ। ਰੂਸ ਤੋਂ ਆਧੁਨਿਕ ਮਿਜ਼ਾਈਲ ਪ੍ਰਣਾਲੀ ਦੀ ਦਰਾਮਦ ਕਰਨ ਵਾਲਾ ਚੀਨ ਪਹਿਲਾ ਦੇਸ਼ ਬਣ ਗਿਆ ਹੈ। ਅਮਰੀਕਾ ਦੀਆਂ ਚੇਤਾਵਨੀਆਂ ਦੇ ਬਾਵਜੂਦ ਭਾਰਤ ਨੇ ਵੀ ਇਸੇ ਸਾਲ ਅਕਤੂਬਰ ਵਿੱਚ ਇਸ ਰੱਖਿਆ ਪ੍ਰਣਾਲੀ ਲਈ ਰੂਸ ਨਾਲ 5 ਅਰਬ ਡਾਲਰ ਦਾ ਸਮਝੌਤਾ ਕੀਤਾ ਹੈ।

ਐਸ-400 ਅੱਜ ਦੇ ਸਮੇਂ ਵਿੱਚ ਕਾਫੀ ਆਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਹੈ। ਇਹ ਅਮਰੀਕੀ ਥਾਡ ਮਿਜ਼ਾਈਲ ਸਿਸਟਮ ਤੋਂ ਵੀ ਵੱਧ ਮਾਰ ਕਰਨ ਦੀ ਸਮਰੱਥਾ ਰੱਖਦਾ ਹੈ। ਰੂਸ ਦੇ ਅਲਮਾਜ਼ ਸੈਂਟਰਲ ਡਿਜ਼ਾਈਨ ਬਿਊਰੋ ਵੱਲੋਂ ਵਿਕਸਤ ਕੀਤੀ ਗਈ ਇਸ ਮਿਜ਼ਾਈਲ ਵਿੱਚ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਦੀ ਸਮਰੱਥਾ ਹੈ। ਇਹ 400 ਕਿਲੋਮੀਟਰ ਦੀ ਰੇਂਜ ਵਿੱਤ ਜਹਾਜ਼, ਕਰੂਜ਼ ਤੇ ਬੈਲਿਸਟਿਕ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਸਕਦੀ ਹੈ। ਇਸ ਨਾਲ ਜ਼ਮੀਨ 'ਤੇ ਵੀ ਨਿਸ਼ਾਨੇ ਲਾਏ ਜਾ ਸਕਦੇ ਹਨ।

ਭਾਰਤ ਕੋਲ ਐਸ-400 ਵਰਗੀਆਂ ਸਮੇਂ ਅਜਿਹੀਆਂ ਦੋ ਮਿਜ਼ਾਈਲਾਂ ਬਰਾਕ ਤੇ ਆਕਾਸ਼ ਹਨ ਜਿਨ੍ਹਾਂ ਦੀ ਮਾਰ 100 ਕਿਲੋਮੀਟਰ ਦੇ ਦਾਇਰੇ ਤਕ ਹੀ ਸੀਮਤ ਹੈ। ਐਸ-400 ਬੇਹੱਦ ਆਧੁਨਿਕ ਤੇ ਤੇਜ਼ ਹੈ। ਇਸ ਨਾਲ ਪੰਜ ਮਿੰਟਾਂ ਵਿੱਚ ਇੱਕੋ ਵੇਲੇ 100 ਨਿਸ਼ਾਨੇ ਲਾਏ ਜਾ ਸਕਦੇ ਹਨ। ਭਾਰਤ ਨੂੰ ਸਰਹੱਦ 'ਤੇ ਵਧ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਹ ਮਿਜ਼ਾਈਲ ਕਾਫੀ ਮਹੱਤਵਪੂਰਨ ਹੈ।