ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਮਾਨ ਨੇ ਫੇਸਬੁੱਕ ਪੋਸਟ ਪਾ ਕੇ ਇਹ ਐਲਾਨ ਕੀਤਾ। ਭਗਵੰਤ ਦਾ ਇਹ ਐਲਾਨ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਆਇਆ ਹੈ।
ਹਾਲਾਂਕਿ, ਆਪਣੀ ਪੋਸਟ ਵਿੱਚ ਮਾਨ ਨੇ ਕੇਜਰੀਵਾਲ ਬਾਰੇ ਕੁਝ ਨਹੀਂ ਕਿਹਾ। ਉਨ੍ਹਾਂ ਲਿਖਿਆ ਕਿ ਇੱਕ ਸੱਚਾ ਪੰਜਾਬੀ ਹੋਣ ਦੇ ਨਾਤੇ ਪੰਜਾਬ ਵਿੱਚ ਡਰੱਗ ਮਾਫ਼ੀਆ ਤੇ ਲੋਕਾਂ ਨਾਲ ਹੋ ਰਹੀ ਹਰ ਕਿਸਮ ਦੀ ਧੱਕੇਸ਼ਾਹੀ ਖ਼ਿਲਾਫ਼ ਉਹ ਜੰਗ ਜਾਰੀ ਰੱਖਣਗੇ। ਬੀਤੇ ਕੱਲ੍ਹ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਮੁਆਫ਼ੀ ਦੇ ਖੁਲਾਸੇ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਤਰਥੱਲੀ ਮੱਚੀ ਹੋਈ ਹੈ। ਕੇਜਰੀਵਾਲ ਦੇ ਇਸ ਫ਼ੈਸਲੇ ਤੋਂ ਸਾਰੇ ਹੈਰਾਨ ਹਨ। ਅੱਜ ਸਵੇਰੇ ਪਾਰਟੀ ਦੇ ਪੰਜਾਬ ਦੇ ਵਿਧਾਇਕ ਬੈਠਕ ਕਰਨ ਲਈ ਇਕੱਠੇ ਹੋਏ ਹਨ। ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਵਿੱਚ ਜਾਰੀ ਉਥਲ-ਪੁਥਲ ਹੋਰ ਤੇਜ਼ ਹੋ ਗਈ ਹੈ।