ਚੰਡੀਗੜ੍ਹ: ਦਲਿਤ ਭਾਈਚਾਰੇ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿੱਚ ਵੀ ਇਸ ਦਾ ਅਸਰ ਕਾਫੀ ਹੈ। ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸੜਕੀ ਤੇ ਰੇਲ ਮਾਰਗ ਠੱਪ ਕਰ ਦਿੱਤੇ ਗਏ ਹਨ। ਜਲੰਧਰ ਵਿੱਚ ਰੇਲਵੇ ਟ੍ਰੈਕ 'ਤੇ ਅੱਗਜ਼ਨੀ ਤਕ ਕਰ ਦਿੱਤੀ ਗਈ ਹੈ।


ਸਵੇਰ ਤੋਂ ਹੀ ਪ੍ਰਦਰਸ਼ਨਕਾਰੀ ਜਲੰਧਰ, ਪਟਿਆਲਾ ਵਿੱਚ ਰੇਲ ਮਾਰਗ ਜਾਮ ਕਰਨ ਲਈ ਆ ਵਧਣ ਲੱਗ ਪਏ ਸਨ। ਜਲੰਧਰ ਰੇਲਵੇ ਅਧਿਕਾਰੀਆਂ ਮੁਤਾਬਕ ਹਿਸਾਰ-ਅੰਮ੍ਰਿਤਸਰ ਪੈਸੰਜਰ ਟ੍ਰੇਨ ਸਟੇਸ਼ਨ ਤੋਂ ਨਿੱਕਲੀ ਹੀ ਸੀ ਕਿ ਪ੍ਰਦਰਸ਼ਕਾਰੀਆਂ ਨੇ ਰੇਲ ਲਾਈਨ 'ਤੇ ਅੱਗ ਲਾ ਕੇ ਟ੍ਰੇਨ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਟ੍ਰੇਨਾਂ ਚੱਲੀਆਂ ਸਨ, ਪਰ ਜਲੰਧਰ ਪਹੁੰਚੀਆਂ ਨਹੀਂ। ਪ੍ਰਦਰਸ਼ਕਾਰੀ ਉਨ੍ਹਾਂ ਨੂੰ ਵੀ ਰਸਤੇ ਵਿੱਚ ਰੋਕਣ ਦੀ ਵਿਉਂਤਬੰਦੀ ਕਰ ਰਹੇ ਹਨ।

ਇਸ ਤੋਂ ਇਲਾਵਾ ਮਾਲਵੇ ਦੀ ਪ੍ਰਮੁੱਖ ਰੇਲ ਫ਼ਾਜ਼ਿਲਕਾ-ਦਿੱਲੀ ਇੰਟਰਸਿਟੀ ਐਕਸਪ੍ਰੈਸ ਨੂੰ ਪਟਿਆਲਾ ਵਿੱਚ ਰੋਕ ਲਿਆ ਗਿਆ। ਵੱਡੀ ਗਿਣਤੀ ਵਿੱਚ ਆਏ ਵਿਖਾਵਾਕਾਰੀਆਂ ਨੇ ਟ੍ਰੈਕ 'ਤੇ ਬੈਠ ਕੇ ਪ੍ਰਦਰਸ਼ਨ ਕੀਤਾ।

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵੀ ਕੌਮੀ ਸ਼ਾਹਰਾਹ 1 ਜਾਮ ਕਰ ਦਿੱਤਾ ਗਿਆ ਹੈ। ਦਲਿਤ ਪ੍ਰਦਰਸ਼ਨਕਾਰੀਆਂ ਨੇ ਜਲੰਧਰ ਬਾਈਪਾਸ 'ਤੇ ਜਾ ਕੇ ਐਨ.ਐਚ.-1 ਨੂੰ ਠੱਪ ਕਰ ਦਿੱਤਾ ਹੈ।

ਦਲਿਤ ਭਾਈਚਾਰੇ ਦੇ ਲੋਕ ਸੁਪਰੀਮ ਕੋਰਟ ਵੱਲੋਂ SC/ST ਐਕਟ ਦੀ ਹੁੰਦੀ ਦੁਰਵਰਤੋਂ ਰੋਕਣ ਲਈ ਇਸ ਕਾਨੂੰਨ ਅਧੀਨ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਥਾਂ 'ਤੇ ਮੁਢਲੀ ਜਾਂਚ ਤੋਂ ਬਾਅਦ ਕਿਸੇ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦਲਿਤ ਭਾਈਚਾਰੇ ਦੇ ਲੋਕ ਇਸ ਨੂੰ ਆਪਣੇ ਹੱਕਾਂ 'ਤੇ ਡਾਕਾ ਦੱਸ ਰਹੇ ਹਨ ਤੇ ਸਰਕਾਰ ਵਿਰੁੱਧ ਬੰਦ-ਪ੍ਰਦਰਸ਼ਨ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸੁਪਰੀਮ ਕੋਰਟ ਵਿੱਚ ਇਸ ਐਕਟ ਬਾਰੇ ਮੁੜ ਤੋਂ ਅਪੀਲ (ਰੀਵਿਊ ਪਟੀਸ਼ਨ) ਪਾਵੇ।