ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਨਵੀਂ ਦਿੱਲੀ: ਕੇਂਦਰ ਵਿੱਚ ਭਾਜਪਾ ਦੀ ਸਰਕਾਰ (Central Government) ਤੋਂ ਬਾਅਦ ਹੁਣ ਪੰਜਾਬ ਦੀ ਕੈਪਟਨ ਸਰਕਾਰ (Punjab government) ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਭਾਰਤੀ ਕਿਸਾਨ ਯੂਨੀਅਨ (Bhartiya Kisan Union) ਕੋਰੋਨਾ ਦੀ ਜੰਗ 'ਚ ਕੈਪਟਨ ਸਰਕਾਰ ਦੇ ਅਸਫਲ ਰਹਿਣ ਤੇ ਅਧੂਰੇ ਵਾਅਦਿਆਂ ਵਿਰੁੱਧ 3 ਰੋਜ਼ਾ ਰੋਸ ਪ੍ਰਦਰਸ਼ਨ ਕਰਨ ਜਾ ਰਹੀ ਹੈ। ਭਲਕੇ ਹਜ਼ਾਰਾਂ ਕਿਸਾਨ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਧਰਨੇ (dharna outside the CM residence) ‘ਤੇ ਬੈਠਣਗੇ। ਇਸ ਦੌਰਾਨ ਕਿਸਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਰਕਾਰ ਦੇ ਵਾਅਦੇ ਪੂਰੇ ਕਰਨ ਲਈ ਸੂਬਾ ਸਰਕਾਰ ‘ਤੇ ਦਬਾਅ ਪਾਉਣਗੇ।


ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਦੇ ਮੁਖੀ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ ਜੋ ਕੋਰੋਨਾ ਤੋਂ ਬਚਾਅ ਲਈ ਕਰਨਾ ਚਾਹੀਦਾ ਸੀ। ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜੋ ਕਦਮ ਚੁੱਕਣੇ ਚਾਹੀਦੇ ਸੀ, ਉਹ ਨਹੀਂ ਚੁੱਕੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ ਵਿੱਚ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ। ਪੰਜਾਬ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਕੋਈ ਤਿਆਰੀ ਨਹੀਂ ਕੀਤੀ। ਲੋਕ ਪਿੰਡਾਂ ਤੇ ਸ਼ਹਿਰਾਂ ਵਿੱਚ ਮਰ ਰਹੇ ਹਨ। ਹਸਪਤਾਲਾਂ ਵਿੱਚ ਨਾ ਤਾਂ ਦਵਾਈਆਂ ਹਨ ਤੇ ਨਾ ਹੀ ਕਾਫ਼ੀ ਸਟਾਫ ਹੈ।


ਸੂਬਾ ਸਰਕਾਰ 'ਤੇ ਵਰ੍ਹਦਿਆਂ ਜੋਗਿੰਦਰ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ ਲੌਕਡਾਊਨ 'ਤੇ ਹੈ। ਜਦੋਂਕਿ ਸਰਕਾਰ ਕੋਰੋਨਾ ਨੂੰ ਰੋਕਣ ਲਈ ਹਸਪਤਾਲਾਂ ਵਿੱਚ ਸਟਾਫ ਤੇ ਦਵਾਈਆਂ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟੋਲ ਪਲਾਜ਼ਾ ਤੇ ਭਾਜਪਾ ਨੇਤਾਵਾਂ ਦੇ ਘਰਾਂ ਦੇ ਬਾਹਰ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਇਸੇ ਗਿਣਤੀ ਵਿੱਚੋਂ 2000 ਕਿਸਾਨ ਭਲਕੇ ਤੋਂ ਮੁੱਖ ਮੰਤਰੀ ਕੈਪਟਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣਗੇ। ਇਸ ਹੜਤਾਲ ਵਿੱਚ ਕੋਰੋਨਾ ਨੂੰ ਰੋਕਣ ਲਈ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।


ਉਨ੍ਹਾਂ ਅੱਗੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਇੱਕੋ ਥਾਲੀ ਦੇ ਚੱਟੇ-ਬੱਟੇ ਹਨ। ਜਦੋਂਕਿ ਦੋਵੇਂ ਸਰਕਾਰਾਂ ਆਕਸੀਜਨ ਦੀ ਕਮੀ, ਦਵਾਈਆਂ ਤੇ ਮੈਡੀਕਲ ਸਟਾਫ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ ਵਿੱਚ ਸਿਹਤ ਸਹੂਲਤਾਂ ਦਾ ਅਧਿਕਾਰਤ ਕੋਈ ਪ੍ਰਬੰਧ ਨਹੀਂ।


ਕੈਪਟਨ ਸਰਕਾਰ ਦੇ ਮੈਨੀਫੈਸਟੋ ‘ਤੇ ਸਵਾਲ ਉਠਾਉਂਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ 85% ਵਾਅਦੇ ਪੂਰੇ ਕੀਤੇ ਹਨ, ਉਹ ਦੱਸ ਦੇਣ…ਕੀ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਕੀ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵਾਜਬ ਮੁੱਲ ਮਿਲ ਸਕਿਆ ਹੈ? ਕੀ ਹਰ ਘਰ 'ਚ ਨੌਕਰੀ ਦੇ ਸਕੀ ਹੈ ਕੈਪਟਨ ਸਰਕਾਰ? ਜੇਕਰ ਨਹੀਂ ਤਾਂ ਸਰਕਾਰ ਨੇ ਕਿਹੜਾ ਵਾਅਦਾ ਪੂਰਾ ਕੀਤਾ।


ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚਾਹੇ ਕਾਂਗਰਸ ਹੋਵੇ ਜਾਂ ਭਾਜਪਾ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਆਵਾਜ਼ ਖੁਦ ਉਠਾਉਣੀ ਪਏਗੀ। ਕਿਸਾਨ ਨੂੰ ਆਪਣੇ ਹੱਕਾਂ ਲਈ ਲੜਨ ਲਈ ਖੁਦ ਲੜਨਾ ਪਏਗਾ। ਕਿਸਾਨ ਹਮੇਸ਼ਾਂ ਆਪਣੇ ਹੱਕ ਹਾਸਲ ਕਰਨ ਲਈ ਸੰਘਰਸ਼ ਕਰਦੇ ਰਹਿਣਗੇ।


ਇਹ ਵੀ ਪੜ੍ਹੋ: Mucormycosis: ‘ਬਲੈਕ ਫ਼ੰਗਸ’ ਦੇ ਇਲਾਜ ਲਈ ਇੰਜੈਕਸ਼ਨ Amphotericin B ਮਿਲੇਗਾ 1,200 ਰੁਪਏ ’ਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904