Red Fort Violence: ਦਿੱਲੀ ਪੁਲਿਸ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਲਾਲ ਕਿਲਾ ਹਿੰਸਾ (Red Fort Violence) ’ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਉਸ ਚਾਰਜਸ਼ੀਟ (ਦੋਸ਼ ਪੱਤਰ) ਵਿੱਚ ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਇਸੇ ਵਰ੍ਹੇ 26 ਜਨਵਰੀ ਨੂੰ ਲਾਲ ਕਿਲੇ ਉੱਤੇ ਕਬਜ਼ਾ ਕਰ ਕੇ ਉੱਥੇ ਪੱਕਾ ਧਰਨਾ ਲਾਉਣ ਲਈ ਕਿਸਾਨ ਬਹੁਤ ਸੋਚੀ-ਸਮਝੀ ਸਾਜ਼ਿਸ਼ ਅਧੀਨ ਪੁੱਜੇ ਸਨ।


ਇੰਨਾ ਹੀ ਨਹੀਂ, 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਨੂੰ ਬੇਹੱਦ ਸੋਚ-ਸਮਝ ਕੇ ਚੁਣਿਆ ਗਿਆ ਸੀ ਕਿ ਤਾਂ ਜੋ ਦੇਸ਼ ਤੇ ਵਿਦੇਸ਼ ’ਚ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ। ਦਿੱਲੀ ਪੁਲਿਸ ਨੇ ਆਪਣੀ ਚਾਰਜਸ਼ੀਟ ’ਚ ਲਿਖਿਆ ਹੈ ਕਿ ਲਾਲ ਕਿਲੇ ਵਿੱਚ ਤਿਰੰਗਾ ਝੰਡਾ ਲਾਹ ਕੇ ਨਿਸ਼ਾਨ ਸਾਹਿਬ ਤੇ ਕਿਸਾਨਾਂ ਦਾ ਝੰਡਾ ਲਹਿਰਾਉਣ ਵਾਲੇ ਮੁਲਜ਼ਮਾਂ ਨੂੰ ਵੱਡੀਆਂ ਰਕਮਾਂ ਦੇਣ ਦੇ ਵਾਅਦੇ ਵੀ ਕੀਤੇ ਗਏ ਸਨ।


ਚਾਰਜਸ਼ੀਟ ਅਨੁਸਾਰ 26 ਜਨਵਰੀ ਨੂੰ ਲਾਲ ਕਿਲੇ ’ਤੇ ਹੋਏ ਸਾਜ਼ਿਸ਼ ਸਾਲ 2020 ਦੇ ਨਵੰਬਰ ਤੇ ਦਸੰਬਰ ਮਹੀਨੇ ਰਚੀ ਗਈ ਸੀ; ਜਿਸ ਲਈ ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ’ਚ ਟ੍ਰੈਕਟਰ ਖ਼ਰੀਦੇ ਗਏ ਸਨ। ਦਿੱਲੀ ਪੁਲਿਸ ਨੇ ਪੰਜਾਬ ਤੇ ਹਰਿਆਣਾ ’ਚ ਟ੍ਰੈਕਟਰਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਡਾਟਾ ਨੂੰ ਵੀ ਚਾਰਜਸ਼ੀਟ ਦਾ ਹਿੱਸਾ ਬਣਾਇਆ ਹੈ।


ਇਸ ਮਾਮਲੇ ’ਚ ਕ੍ਰਾਈਮ ਬ੍ਰਾਂਚ ਨੇ ਦੀਪ ਸਿੱਧੂ, ਇਕਬਾਲ ਸਿੰਘ, ਮਨਿੰਦਰ ਮੋਨੀ ਤੇ ਖੇਮਪ੍ਰੀਤ ਸਮੇਤ 16 ਜਣਿਆਂ ਨੂੰ ਮੁਲਜ਼ਮ ਬਣਾਇਆ ਹੈ। ਦਿੱਲੀ ਪੁਲਿਸ ਨੇ ਚਾਰਜਸ਼ੀਟ ’ਚ ਮੁਲਜ਼ਮਾਂ ਉੱਤੇ ਦੇਸ਼-ਧ੍ਰੋਹ, ਦੰਗਾ ਕਰਨ, ਕਤਲ ਦੀ ਕੋਸ਼ਿਸ਼ ਤੇ ਡਕੈਤੀ ਜਿਹੀਆਂ ਗੰਭੀਰ ਧਾਰਾਵਾਂ ਲਾਈਆਂ ਹਨ। ਦਿੱਲੀ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਚਾਰਜਸ਼ੀਟ ’ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਲਾਲ ਕਿਲੇ ਦੀ ਹਿੰਸਾ ਦੇ ਮੁੱਖ ਸਾਜ਼ਿਸ਼ਘਾੜੇ ਹਨ। ਇਸ ਚਾਰਜਸ਼ੀਟ ਵਿੱਚ ਕਈ ਵੱਡੇ ਕਿਸਾਨ ਆਗੂਆਂ ਦੇ ਨਾਂਅ ਵੀ ਸ਼ਾਮਲ ਹਨ।


3,000 ਪੰਨਿਆਂ ਦੀ ਚਾਰਜਸ਼ੀਟ


ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਤੀਸ ਹਜ਼ਾਰੀ ਅਦਾਲਤ ’ਚ ਇਹ ਚਾਰਜਸ਼ੀਟ ਦਾਇਰ ਕੀਤੀ ਸੀ। ਪੁਲਿਸ ਸੂਤਰਾਂ ਅਨੁਸਾਰ ਇਹ ਚਾਰਜਸ਼ੀਟ ਲਗਪਗ 3,000 ਪੰਨਿਆਂ ਦੀ ਹੈ, ਜਿਸ ਵਿੱਚੋਂ 250 ਪੰਨਿਆਂ ’ਚ ਆਪਰੇਸ਼ਨਲ ਪਾਰਟ ਹੈ ਤੇ ਤੇ ਇਸੇ ਪਾਰਟ ਵਿੱਚ ਇਹ ਲਿਖਿਆ ਗਿਆ ਹੈ ਕਿ ਕਿਵੇਂ ਇਸ ਪੂਰੀ ਸਾਜ਼ਿਸ਼ ਨੂੰ ਰਚਿਆ ਗਿਆ ਤੇ ਫਿਰ ਅੰਜਾਮ ਦਿੱਤਾ ਗਿਆ। ਪੁਲਿਸ ਅਨੁਸਾਰ ਲੱਖਾ ਸਿਧਾਣਾ ਸਮੇਤ 6 ਹੋਰ ਮੁਲਜ਼ਮ ਇਸ ਮਾਮਲੇ ’ਚ ਹਾਲੇ ਵੀ ਫ਼ਰਾਰ ਚੱਲ ਰਹੇ ਹਨ।