Corona Vaccine: ਫ਼ਾਈਜ਼ਰ ਇਸੇ ਵਰ੍ਹੇ ਭਾਰਤ ਨੂੰ 5 ਕਰੋੜ ਖ਼ੁਰਾਕਾਂ ਦੇਣ ਲਈ ਤਿਆਰ ਹੈ। ਦੇਸ਼ ਵਿੱਚ ਜਦੋਂ ਹੁਣ ਕੋਰੋਨਾਵਾਇਰਸ ਦੀ ਲਾਗ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਬਹੁਤ ਸਾਰੇ ਸੂਬੇ ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਹਨ। ਇਸ ਦੌਰਾਨ ਅਮਰੀਕਾ ਦੀ ਫ਼ਾਈਜ਼ਰ ਕੰਪਨੀ ਇਸੇ ਵਰ੍ਹੇ ਭਾਰਤ ਨੂੰ ਟੀਕਿਆਂ ਦੀ ਵੱਡੀ ਖੇਪ ਉਪਲਬਧ ਕਰਵਾਉਣ ਲਈ ਤਿਆਰ ਹੋ ਗਈ ਹੈ ਪਰ ਉਹ ਹਰਜਾਨਾ ਪੂਰਤੀ ਸਮੇਤ ਕੁਝ ਰੈਗੂਲੇਟਰੀ ਸ਼ਰਤਾਂ ’ਚ ਵੱਡੀ ਛੋਟ ਚਾਹੁੰਦੀ ਹੈ।


ਫ਼ਾਈਜ਼ਰ ਨੇ ਕਿਹਾ ਹੈ ਕਿ ਭਾਰਤ ਨੂੰ ਇੱਕ ਕਰੋੜ ਟੀਕੇ ਜੁਲਾਈ ’ਚ, ਇੱਕ ਕਰੋੜ ਅਗਸਤ ’ਚ ਅਤੇ ਦੋ ਕਰੋੜ ਸਤੰਬਰ ਤੇ ਇੱਕ ਕਰੋੜ ਟੀਕੇ ਅਕਤੂਬਰ ’ਚ ਉਪਲਬਧ ਕਰਵਾਏ ਜਾਣਗੇ। ਕੰਪਨੀ ਨੇ ਕਿਹਾ ਹੈ ਕਿ ਉਹ ਕੇਵਲ ਭਾਰਤ ਸਰਕਾਰ ਨਾਲ ਗੱਲ ਕਰੇਗੀ ਤੇ ਟੀਕਿਆਂ ਦਾ ਭੁਗਤਾਨ ਭਾਰਤ ਸਰਕਾਰ ਦੀ ਤਰਫ਼ੋਂ ਫ਼ਾਈਜ਼ਰ ਇੰਡੀਆ ਨੂੰ ਕੀਤਾ ਜਾਵੇਗਾ।


ਖ਼ਰੀਦੇ ਗਏ ਟੀਕੇ ਦਾ ਘਰੇਲੂ ਪੱਧਰ ਉੱਤੇ ਡਿਸਟ੍ਰੀਬਿਊਟਰਸ਼ਿਪ ਦਾ ਕੰਮ ਭਾਰਤ ਸਰਕਾਰ ਨੂੰ ਆਪ ਕਰਨਾ ਹੋਵੇਗਾ। ਸੂਤਰਾਂ ਅਨੁਸਾਰ ਭਾਰਤ ਨੂੰ ਟੀਕੇ ਦੀ ਸਪਲਾਈ ਲਈ ਫ਼ਾਈਜ਼ਰ ਨੇ ਭਾਰਤ ਸਰਕਾਰ ਤੋਂ ਹਰਜਾਨਾ ਪੂਰਤੀ ਦਾ ਕੌਂਟ੍ਰੈਕਟ ਕੀਤੇ ਜਾਣ ਦੀ ਸ਼ਰਤ ਵੀ ਰੱਖੇ ਹੈ ਤੇ ਉਸ ਦੇ ਦਸਤਾਵੇਜ਼ ਭੇਜੇ ਹਨ।


ਫ਼ਾਈਜ਼ਰ ਅਨੁਸਾਰ ਉਸ ਨੇ ਅਮਰੀਕਾ ਸਮੇਤ 116 ਦੇਸ਼ਾਂ ਨਾਲ ਹਰਜਾਨਾ ਪੂਰਤੀ ਦੇ ਇਕਰਾਰ ਕੀਤੇ ਹਨ। ਦੁਨੀਆ ਭਰ ਵਿੱਚ ਫ਼ਾਈਜ਼ਰ ਟੀਕੇ ਦੀਆਂ ਹੁਣ ਤੱਕ 14.7 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਫ਼ਿਲਹਾਲ ਕਿਸੇ ਵੀ ਪਾਸਿਓਂ ਇਸ ਦੇ ਮਾੜੇ ਪ੍ਰਭਾਵ ਦੀ ਕੋਈ ਰਿਪੋਰਟ ਨਹੀਂ ਆਈ।


ਉੱਧਰ ਮੌਡਰਨਾ ਦਾ ਇੱਕ ਖ਼ੁਰਾਕ ਵਾਲਾ ਟੀਕਾ ਅਗਲੇ ਵਰ੍ਹੇ ਭਾਰਤ ’ਚ ਉਪਲਬਧ ਹੋ ਸਕਦਾ ਹੈ। ਇਸ ਲਈ ਉਹ ਸਿਪਲਾ ਤੇ ਹੋਰ ਭਾਰਤੀ ਦਵਾ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਮੌਡਰਨਾ ਨੇ ਭਾਰਤੀ ਅਥਾਰਟੀਜ਼ ਨੂੰ ਇਹ ਦੱਸਿਆ ਹੈ ਕਿ ਉਸ ਕੋਲ 2021 ’ਚ ਅਮਰੀਕਾ ਤੋਂ ਬਾਹਰ ਲਈ ਟੀਕੇ ਦਾ ਸਟਾੱਕ ਨਹੀਂ ਹੈ। ਸਮਝਿਆ ਜਾਂਦਾ ਹੈ ਕਿ ਸਿਪਲਾ ਨੇ ਮੌਡਰਨਾ ਤੋਂ 2022 ਤੋਂ ਪੰਜ ਕਰੋੜ ਟੀਕਿਆਂ ਦੀ ਖ਼ੁਰਾਕ ਦੀ ਖ਼ਰੀਦ ਵਿੱਚ ਦਿਲਚਸਪੀ ਵਿਖਾਈ ਹੈ।


ਇੱਥੇ ਦੱਸ ਦੇਈਏ ਕਿ ਵਿਸ਼ਵ ਤੇ ਘਰੇਲੂ ਬਾਜ਼ਾਰਾਂ ’ਚ ਟੀਕੇ ਦੀ ਉਪਲਬਧਤਾ ਨੂੰ ਲੈ ਕੇ ਕੈਬਿਨੇਟ ਸਕੱਤਰ ਦੀ ਪ੍ਰਧਾਨਗੀ ਹੇਠ ਪਿਛਲੇ ਹਫ਼ਤੇ ਕੁਝ ਉੱਚ ਪੱਧਰੀ ਮੀਟਿੰਗਾਂ ਹੋਈਆਂ। ਇਨ੍ਹਾਂ ਵਿੱਚ ਵਿਦੇਸ਼ ਮੰਤਰਾਲਾ, ਨੀਤੀ ਆਯੋਗ, ਬਾਇਓ–ਟੈਕਨੋਲੋਜੀ ਵਿਭਾਗ, ਕਾਨੂੰਨ ਮੰਤਰਾਲਾ ਤੇ ਸਿਹਤ ਮੰਤਰਾਲੇ ਦੇ ਅਧਿਕਾਰੀ ਮੌਜੂਦ ਸਨ। ਉੱਧਰ ਭਾਰਤ ’ਚ ਹੁਣ ਤੱਕ 20 ਕਰੋੜ ਤੋਂ ਲੋਕਾਂ ਨੂੰ ਇਸ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।